ਚੰਡੀਗੜ੍ਹ: ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਸਖ਼ਤ ਨਿਰਦੇਸ਼ਾਂ ਮਗਰੋਂ ਵਿਭਾਗ ਵੱਲੋਂ ਵੱਡੇ ਦੇਣਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਨੂੰ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਦਕਿ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਤੇ ਉਸ ਦੇ ਪਰਿਵਾਰ ਵੱਲੋਂ ਕਰਜ਼ੇ ਦੀ ਰਕਮ ਦੇ 25 ਫੀਸਦੀ ਹਿੱਸੇ (20.90 ਲੱਖ ਰੁਪਏ) ਦੀ ਅਦਾਇਗੀ ਕਰ ਦਿੱਤੀ ਗਈ ਹੈ।

ਸਹਿਕਾਰੀ ਸਭਾਵਾਂ ਮਲੋਟ ਦੇ ਸਹਾਇਕ ਰਜਿਸਟਰਾਰ ਨੇ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 39,00,678 ਰੁਪਏ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਇਸੇ ਤਰ੍ਹਾਂ ਉਸ ਦੀ ਪਤਨੀ ਅਮਰਜੀਤ ਕੌਰ ਨੂੰ 35,57,021 ਰੁਪਏ ਅਤੇ ਪੁੱਤਰ ਪਰਮਿੰਦਰ ਸਿੰਘ ਵੱਲ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 4,62,717 ਰੁਪਏ ਰਕਮ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ 23 ਮਈ ਤੱਕ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਜੇਕਰ ਤੈਅ ਮਿਤੀ ਤੱਕ ਰਕਮ ਜਮ੍ਹਾਂ ਨਹੀਂ ਕਰਵਾਈ ਗਈ ਤਾਂ ਦੇਣਦਾਰਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣਗੇ।
ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਵੱਲੋਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤੇ ਜਾਣ ਕਾਰਨ ਚੌਕੀਦਾਰ ਦੀ ਹਾਜ਼ਰੀ ਵਿੱਚ ਘਰ ‘ਤੇ ਨੋਟਿਸ ਚਿਪਕਾ ਦਿੱਤਾ ਗਿਆ। ਰਿਕਵਰੀ ਲਈ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਗੁਰਦਾਸਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਦੇਣਦਾਰ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਦੇ ਪਰਿਵਾਰ ਵੱਲੋਂ 20,90,800 ਰੁਪਏ ਜਮ੍ਹਾਂ ਕਰਵਾ ਦਿੱਤੇ ਹਨ ਜੋ ਕਿ ਉਨ੍ਹਾਂ ਵੱਲ ਬਣਦੀ ਰਕਮ ਦਾ 25 ਫੀਸਦੀ ਹਿੱਸਾ ਬਣਦਾ ਹੈ। ਬੈਂਕ ਤੋਂ ਕਰਜ਼ਾ ਉਨ੍ਹਾਂ ਦੀ ਬੇਟੀ ਅੰਬਿਕਾ ਖੰਨਾ ਵੱਲੋਂ ਲਿਆ ਗਿਆ ਸੀ।