ਲੰਡਨ (8 ਅਗਸਤ, 2015): ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜਾਂ ਦੀ ਕਮਾਂਡ ਸੰਭਾਲਣ ਵਾਲੇ ਭਾਰਤੀ ਫੌਜ ਦੇ ਮੁਖੀ ਜਰਨਲ ਵੈਦਿਆ ਨੂੰ ਉਸਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇ ਕੇ ਜ਼ਾਮ-ਏ-ਸ਼ਹਾਦਤ ਪੀਣ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਦੀਆਂ ਸੱਚੀਆਂ ਘਟਨਾਵਾਂ ‘ਤੇ ਆਸਟ੍ਰੇਲੀਆ ਐਡੀਲੇਡ ਤੋਂ ਸਿੰਘ ਬ੍ਰਦਰਜ਼ ਤੇ ਗੁਰੂ ਨਾਨਕ ਸੇਵਾ ਸੰਸਥਾ ਵੱਲੋਂ ਫ਼ਿਲਮਾਈ ਗਈ ਨਵੀਂ ਪੰਜਾਬੀ ਫ਼ਿਲਮ ”ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਭਾਰਤ ਦੀਆਂ ਖੂਫੀਆਂ ਏਜੰਸੀਆਂ ਦੇ ਕਹਿਣ ‘ਤੇ ਭਾਰਤੀ ਸੈਂਸਰ ਬੋਰਡ ਵਲੋਂ ਪੂਰੇ ਦੇਸ਼ ਵਿਚ ਲਗਾਈ ਗਈ ਪਾਬੰਦੀ ਦੀ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਭਾਰਤੀ ਸੈਂਸਰ ਬੋਰਡ ਦਾ ਇਹ ਫੈਂਸਲਾ ਇੱਕ ਪਾਸੜ ਤੇ ਫਿਰਕੂ ਜ਼ਹਿਨੀਅਤ ਦਾ ਪ੍ਰਗਟਾਵਾ ਕਰਦਾ ਹੈ।

ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ ਨੇ ਆਖਿਆ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਵਰਗੇ ਸ਼ਹੀਦ ਸਿੱਖਾਂ ਦੇ ਮਨਾਂ ਵਿਚ ਵਸਦੇ ਹਨ ਤੇ ਸਰਕਾਰ ਦੀਆਂ ਅਜਿਹੀਆਂ ਕਾਰਵਾਈ ਉਨ੍ਹਾਂ ਪ੍ਰਤੀ ਸਿੱਖ ਕੌਮ ਦਾ ਸਨੇਹ ਅਤੇ ਸਤਿਕਾਰ ਘੱਟ ਨਹੀਂ ਕਰ ਸਕਦੀਆਂ।
ਫਿਲਮ “ਮਾਸਟਰ ਮਾਈਂਡ ਸੁੱਖਾ ਜਿੰਦਾ” ਪਿਛਲੇ ਸਮੇਂ ਵਿੱਚ ਬਣੀਆਂ ਉਨਾਂ ਫਿਲਮਾਂ ਦੀ ਲੜੀ ਵਿੱਚੋਂ ਹੈ ਜੋ 1984 ਦੇ ਬਾਅਦ ਦੇ ਹਾਲਾਤਾਂ ‘ਤੇ ਬਣੀਆਂ ਹਨ। ਸੰਨ 2013 ਵਿੱਚ 1984 ਤੋਂ ਬਾਅਦ ਦੀਆਂ ਘਟਨਾਵਾਂ ‘ਤੇ ਅਧਾਰਿਤ ੀਫਲਮ “ਸਾਡਾ ਹੱਕ” ‘ਤੇ ਪੰਜਾਬ , ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਪਾਬੰਦੀ ਲਾ ਦਿੱਤੀ ਸੀ।ਪਰ ਭਾਰਤੀ ਸੁਪਰੀਮ ਕੋਰਟ ਨੇ ਬਾਅਦ ਵਿੱਚ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ।
ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ ਜੀਵਨ ‘ਤੇ ਬਣੀ ਫਿਲਮ “ਕੌਮ ਦੇ ਹੀਰੇ” ,ਜਿਸ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਦੀ ਘਟਨਾ ਨੂੰ ਫਿਲਮਾਇਆ ਗਿਆ ਸੀ, ਨੂੰ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ ਸੀ।