Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਵਿਚੋਂ ਨਸ਼ੇ ਕਿਵੇਂ ਖਤਮ ਹੋਣ ? (ਲੇਖਕ: ਡਾ. ਗੁਰਮੀਤ ਸਿੰਘ ਸਿੱਧੂ)

ਪੰਜਾਬ ਵਿਚੋਂ ਨਸ਼ੇ ਕਿਵੇਂ ਖਤਮ ਹੋਣ ? (ਲੇਖਕ: ਡਾ. ਗੁਰਮੀਤ ਸਿੰਘ ਸਿੱਧੂ)

– ਡਾ. ਗੁਰਮੀਤ ਸਿੰਘ ਸਿੰਧੂ*

ਪੰਜਾਬ ਵਿਚ ਨਸ਼ਾ ਨਵਾਂ ਨਹੀਂ ਹੈ ਪਰ ਨਸ਼ੇ ਬਦਲ ਗਏ ਹਨ। ਸਮੇਂ ਦੇ ਬਦਲਾਅ ਨਾਲ ਨਸ਼ੇ ਦੀ ਵਰਤੋਂ ਕਰਨ ਵਾਲਾ ਵਰਗ ਅਤੇ ਇਨ੍ਹਾਂ ਦੇ ਤਸਕਰ ਵੀ ਬਦਲ ਗਏ ਹਨ। ਨਵੇਂ ਨਸ਼ੇ ਜਿੰਨੇ ਭਿਆਨਕ ਹਨ ਓਨਾ ਹੀ ਵੱਡਾ ਇਨ੍ਹਾਂ ਦਾ ਕਾਰੋਬਾਰ ਹੈ। ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਆਰਥਿਕ ਤੌਰ ‘ਤੇ ਕੰਗਾਲ ਹੁੰਦੇ ਜਾ ਰਹੇ ਪੰਜਾਬ ਵਿਚ ਇਕ ਪਾਸੇ ਕਿਸਾਨ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਦੂਸਰੇ ਪਾਸੇ ਪੰਜਾਬ ਦੇ ਨੌਜਵਾਨ ਮਹਿੰਗੇ ਨਸ਼ੇ (ਚਿੱਟੇ) ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਅਤੇ ਨਸ਼ੇ ਦੀ ਵਾਧੂ ਵਰਤੋਂ ਜਾਂ ਤੋਟ ਨਾਲ ਹੋ ਰਹੀਆਂ ਮੌਤਾਂ ਪੰਜਾਬ ਦੇ ਕਾਲੇ ਭਵਿੱਖ ਦੀ ਤਸਵੀਰ ਪੇਸ਼ ਕਰ ਰਹੀਆਂ ਹਨ।

ਪੰਜਾਬ ਇਸ ਸਮੇਂ ਨਸ਼ੇ ਦੀ ਦਲਦਲ ਵਿਚ ਫਸ ਚੁੱਕਾ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਨਸ਼ਾ ਪੰਜਾਬ ਵਿਚ ਰਾਜਨੀਤਕ ਮੁੱਦਾ ਬਣ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿਚੋਂ ਚਾਰ ਹਫ਼ਤਿਆਂ ਵਿਚ ਨਸ਼ੇ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਇਨ੍ਹਾਂ ਦੇ ਰਾਜਨੀਤਕ ਵਿਰੋਧੀ ਹੁਣ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰ ਰਹੇ ਹਨ। ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਜ਼ਾ ਬਿਆਨਾਂ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਨਸ਼ੇ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਾਨੂੰਨ ਅਤੇ ਪ੍ਰਸ਼ਾਸਨਿਕ ਪੱਖ ‘ਤੇ ਕਾਫੀ ਸਰਗਰਮ ਹੋ ਚੁੱਕੀ ਹੈ। ਮੁੱਖ ਮੰਤਰੀ ਸਾਹਿਬ ਨੇ ਆਪਣਾ ਪ੍ਰਣ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰ ਦੇਣਗੇ।

ਨਸ਼ੇ ਨੂੰ ਖ਼ਤਮ ਕਰਨ ਲਈ ਮਨੋਵਿਿਗਆਨੀ ਦੋ ਢੰਗਾਂ ਦਾ ਜ਼ਿਕਰ ਕਰਦੇ ਹਨ। ਪਹਿਲਾ ਸ਼ਕਤੀ ਜਾਂ ਸੱਤਾ ਦੀ ਵਰਤੋਂ ਨਾਲ ਨਸ਼ੇ ਦੇ ਤਾਣੇ-ਬਾਣੇ ਨੂੰ ਖ਼ਤਮ ਕਰਨ ਦਾ ਨਾਂਹ-ਪੱਖੀ ਤਰੀਕਾ ਹੈ। ਇਸ ਦਾ ਉਦੇਸ਼ ਹੈ ਕਿ ਨਸ਼ੇ ਨੂੰ ਨਸ਼ੇੜੀਆਂ ਤੱਕ ਪਹੁੰਚਣ ਨਾ ਦਿੱਤਾ ਜਾਵੇ ਜਾਂ ਨਸ਼ੇੜੀਆਂ ਦੀ ਕੁੱਟਮਾਰ ਕੀਤੀ ਜਾਵੇ ਅਤੇ ਉਨ੍ਹਾਂ ਅੰਦਰ ਸੱਤਾ/ਤਾਕਤ ਦਾ ਡਰ ਪੈਦਾ ਕਰਕੇ ਨਸ਼ਾ ਛੁਡਾਇਆ ਜਾਵੇ। ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜ਼ਾ ਅਤੇ ਡੋਪ ਟੈਸਟ ਆਦਿ ਸਖ਼ਤ ਕਦਮ ਇਸੇ ਕਰਕੇ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਇਸ ਨਾਂਹ-ਪੱਖੀ ਢੰਗ ‘ਤੇ ਕੰਮ ਕਰ ਰਹੀ ਜਾਪਦੀ ਹੈ।

ਇਸ ਤੋਂ ਇਲਾਵਾ ਸੋਸ਼ਲ ਮੀਡੀਏ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਲੋਕ ਵੀ ਨਸ਼ੇੜੀਆਂ ਅਤੇ ਨਸ਼ੇ ਦੇ ਸੌਦਾਗਰਾਂ ‘ਤੇ ਸਖ਼ਤੀ ਦੀ ਵਰਤੋਂ ਕਰਨ ਦੇ ਪੱਖ ਵਿਚ ਹਨ। ਬੇਸ਼ੱਕ ਸ਼ਕਤੀ ਨਾਲ ਨਸ਼ਾ ਛੁਡਾਇਆ ਜਾ ਸਕਦਾ ਹੈ ਪ੍ਰੰਤੂ ਇਹ ਢੰਗ ਲੰਬੇ ਸਮੇਂ ਤੱਕ ਲਾਗੂ ਨਹੀਂ ਕੀਤਾ ਜਾ ਸਕਦਾ। ਸ਼ਕਤੀ ਵਿਚ ਢਿਲ ਮਿਲਣ ‘ਤੇ ਨਸ਼ੇੜੀ ਮੌਕਾ ਸੰਭਾਲ ਲੈਂਦੇ ਹਨ ਭਾਵ ਇਕ ਜਗ੍ਹਾ ਤੋਂ ਨਸ਼ਾ ਨਾ ਮਿਲੇ ਤਾਂ ਦੂਸਰੇ ਰਾਜਾਂ ਤੋਂ ਲੈ ਆਉਂਦੇ ਹਨ।ਇਕ ਨਸ਼ਾ ਬੰਦ ਹੋਣ ‘ਤੇ ਕੋਈ ਹੋਰ ਕਿਸਮ ਦਾ ਨਸ਼ਾ ਸ਼ੁਰੂ ਕਰ ਲੈਂਦੇ ਹਨ, ਕਿਉਂਕਿ ਇਸ ਢੰਗ ਨਾਲ ਰੋਗੀ ਦਾ ਰੋਗ ਖ਼ਤਮ ਨਹੀਂ ਹੁੰਦਾ ਬਲਕਿ ਰੋਗੀ (ਨਸ਼ੇੜੀ) ਦੇ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ।ਨਸ਼ਾ ਛੁਡਾਉਣ ਲਈ ਸ਼ਕਤੀ ਦੀ ਵਰਤੋਂ ਨਾਂਹ-ਪੱਖੀ ਇਸ ਕਰਕੇ ਮੰਨੀ ਜਾਂਦੀ ਹੈ ਕਿ ਇਸ ਢੰਗ ਨਾਲ ਨਸ਼ੇ ਦੀ ਜੜ੍ਹ ਖ਼ਤਮ ਨਹੀਂ ਹੁੰਦੀ।

ਨਸ਼ਾ ਛਡਾਉਣ ਦੇ ਦੂਸਰੇ ਹਾਂ-ਪੱਖੀ ਸਾਕਾਰਤਮਕ ਢੰਗ ਨਾਲੋਂ ਇਹ ਵੇਖਣ ਵਿਚ ਸਖ਼ਤੀ ਦਾ ਢੰਗ ਸੌਖਾ ਜਾਪਦਾ ਹੈ ਪਰ ਇੱਛਾ ਸ਼ਕਤੀ ਨਾਲ ਹੀ ਨਸ਼ਾਬੰਦੀ ਨੇਪਰੇ ਚੜ੍ਹ ਸਕਦੀ ਹੈ। ਪਰ ਨਿਰੋਲ ਸਖ਼ਤੀ ਨਾਲ ਬਿਮਾਰੀ ਦਾ ਇਲਾਜ ਸੰਭਵ ਨਹੀਂ ਬਲਕਿ ਵਧੇਰੇ ਸ਼ਕਤੀ ਦੀ ਵਰਤੋਂ ਨਾਲ ਰੋਗ ਨੂੰ ਮਾਰਨ ਲੱਗਿਆਂ ਰੋਗੀ ਦੇ ਮਰ ਜਾਣ ਦਾ ਵੀ ਖ਼ਤਰਾ ਹੁੰਦਾ ਹੈ। ਅਮਲੀ ਚਾਹੁੰਦੇ ਹੋਏ ਵੀ ਅਮਲ ਨਹੀਂ ਛੱਡਦੇ। ਜਿਹੜਾ ਛੱਡ ਦਿੱਤਾ ਉਹ ਅਮਲ ਵੀ ਕਾਹਦਾ।ਅਮਲ ਵਿਚ ਗ੍ਰਸਤ ਲੋਕ ਦੱਸਦੇ ਹਨ ਕਿ ਇਕ ਵਾਰ ਲੱਗਿਆ ਅਮਲ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਮਲ ਤੋਂ ਬਿਨਾਂ ਅਮਲੀ ਦਾ ਜੀਵਨ ਮੌਤ ਬਰਾਬਰ ਹੁੰਦਾ ਹੈ। ਸ਼ਾਇਦ ਇਸ ਵਜ੍ਹਾ ਕਰਕੇ ਅਮਲੀ ਇਕ ਪੜਾਅ ‘ਤੇ ਇਹ ਜਾਣ ਲੈਂਦਾ ਹੈ ਕਿ ਨਸ਼ਾ ਉਸ ਦੀ ਜਾਨ ਲੈ ਸਕਦਾ ਹੈ ਇਸਦੇ ਬਾਵਜੂਦ ਉਹ ਨਸ਼ਾ ਛੱਡਣ ਲਈ ਮਨੋਂ ਰਾਜ਼ੀ ਨਹੀਂ ਹੁੰਦਾ। ਸ਼ੁਰੂ ਵਿਚ ਭਾਵੇਂ ਉਹ ਵੇਖੋ-ਵੇਖੀ ਜਾਂ ਇਕ ਵਾਰ ਨਜ਼ਾਰਾ ਵੇਖਣ ਲਈ ਨਸ਼ਾ ਕਰਦਾ ਹੈ ਫਿਰ ਉਹ ਇਸ ਦਾ ਆਦੀ ਬਣ ਜਾਂਦਾ ਹੈ। ਨਸ਼ੇ ‘ਤੇ ਲੱਗ ਜਾਣ ਪਿੱਛੋਂ ਅਮਲੀ ਨੂੰ ਆਪਣੀ ਜਾਨ ਨਸ਼ੇ ਵਿਚ ਵਿਖਾਈ ਦਿੰਦੀ ਹੈ। ਇਹ ਜਾਣਦੇ ਹੋਏ ਕਿ ਨਸ਼ਾ ਬਰਬਾਦੀ ਵੱਲ ਜਾਂਦਾ ਰਾਹ ਹੈ ਪਰ ਜਿਸ ਪਾਸੇ ਵੀ ਨਸ਼ਾ ਵਿਕਦਾ ਹੋਵੇ ਨਸ਼ੇੜੀ ਉਸ ਪਾਸੇ ਵੱਲ ਆਕਰਸ਼ਿਤ ਹੁੰਦੇ ਹਨ। ਇਹ ਵੇਖਿਆ ਗਿਆ ਹੈ ਕਿ ਨਸ਼ੇ ਦੀ ਤੋਟ ਕਾਰਨ ਤੁਰਨ ਤੋਂ ਸਤਹੀਣ ਹੋਏ ਅਮਲੀ ਨੂੰ ਜਦੋਂ ਨਸ਼ੇ ਦੀ ਭਿਣਕ ਪੈਂਦੀ ਹੈ ਤਾਂ ਉਸ ਵਿਚ ਤੁਰੰਤ ਜੋਸ਼ ਆ ਜਾਂਦਾ ਹੈ। ਉਹ ਆਪਣੀ ਊਰਜਾ ਇਕੱਠੀ ਕਰਕੇ ਹਰ ਹੀਲਾ ਵਰਤ ਕੇ ਨਸ਼ਾ ਪ੍ਰਾਪਤ ਕਰਨ ਲਈ ਆਹੁਲਦਾ ਹੈ। ਇਸ ਕਰਕੇ ਬਹੁਤੇ ਨਸ਼ਾ ਛੁਡਾਊ ਕੇਂਦਰ ਨਸ਼ੇ ਰਾਹੀਂ ਹੀ ਨਸ਼ੇ ਦਾ ਇਲਾਜ ਕਰਦੇ ਹਨ। ਅਧਿਐਨ ਦੱਸਦੇ ਹਨ ਕਿ ਨਸ਼ਾ ਛਡਾਉਣ ਦਾ ਕਾਰਜ ਕਾਫੀ ਮੁਸ਼ਕਿਲ ਹੈ ਕਿਉਂਕਿ ਨਸ਼ੇੜੀ ਇਸ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ।

ਨਸ਼ਾ ਕਮਜ਼ੋਰ ਮਨੁੱਖਾਂ ਦੀ ਮਜਬੂਰੀ ਬਣ ਜਾਂਦਾ ਹੈ।ਇਸ ਕਰਕੇ ਬਦਲਵੇਂ ਨਸ਼ੇ ਪ੍ਰਚਲਿਤ ਹੋ ਜਾਂਦੇ ਹਨ। ਨਸ਼ਾ ਬੰਦ ਕਰਨ ਲਈ ਨਸ਼ੇ ਦਾ ਰਾਹ ਬੰਦ ਕਰਨਾ ਅਤਿ ਕਠਿਨ ਕਾਰਜ ਹੈ ਕਿਉਂਕਿ ਜੀਵਨ ਦੇ ਹਰ ਖੇਤਰ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਦੀ ਬਦੌਲਤ ਤਸਕਰਾਂ ਨੂੰ ਰਾਜਸੀ ਤੇ ਪ੍ਰਸ਼ਾਸਨਿਕ ਸ਼ਹਿ ਪ੍ਰਾਪਤ ਹੋ ਜਾਂਦੀ ਹੈ। ਸੁਭਾਵਿਕ ਹੀ ਇਸ ਨੂੰ ਰੋਕਣ ਲਈ ਸ਼ਕਤੀ ਦੀ ਵਰਤੋਂ ਜ਼ਰੂਰੀ ਬਣ ਜਾਂਦੀ ਹੈ।

ਨਸ਼ੇ ਰੋਕਣ ਲਈ ਸ਼ਕਤੀ ਦੀ ਵਰਤੋਂ ਤੋਂ ਇਲਾਵਾ ਨਸ਼ੇ ਦੇ ਵਿਿਭੰਨ ਕਾਰਨਾਂ ਦੀ ਖੋਜ ਕਰਕੇ ਇਸ ਸਮੱਸਿਆ ਦਾ ਤਸੱਲੀਬਖਸ਼ ਬਦਲ ਲੱਭਿਆ ਜਾਣਾ ਚਾਹੀਦਾ ਹੈ। ਇਹ ਢੰਗ ਜਿੰਨਾ ਉਪਯੋਗੀ ਹੈ ਓਨਾ ਹੀ ਲੰਬਾ ਅਤੇ ਵਿਧੀ-ਵਿਉਂਤ ਅਤੇ ਉਚਿਤ ਦ੍ਰਿਸ਼ਟੀ ਦੀ ਮੰਗ ਕਰਦਾ ਹੈ। ਪੰਜਾਬ ਵਿਚ ਫੈਲੇ ਨਸ਼ੇ ਨੂੰ ਇਸ ਦੀਆਂ ਵਿਿਭੰਨ ਸਮੱਸਿਆਵਾਂ ਦੇ ਨਾਲ ਜੁੜੀ ਇਕ ਗੰਭੀਰ ਸਮੱਸਿਆ ਸਮਝ ਕੇ ਇਸ ਦਾ ਦੂਰਅੰਦੇਸ਼ੀ ਨਾਲ ਬਦਲ ਲੱਭਿਆ ਜਾ ਸਕਦਾ ਹੈ।

ਡਾ. ਗੁਰਮੀਤ ਸਿੰਘ ਸਿੱਧੂ

ਨਸ਼ੇੜੀਆਂ ਦੇ ਸਰਵੇਖਣ ਅਤੇ ਉਨ੍ਹਾਂ ਬਾਰੇ ਹਾਸਲ ਕੀਤੇ ਅਨੁਭਵ ਦੇ ਆਧਾਰ ‘ਤੇ ਕੁਝ ਮੁੱਖ ਕਾਰਨ ਸਹਿਜ ਵਿਚ ਸਮਝ ਵਿਚ ਆ ਜਾਂਦੇ ਹਨ। ਨਸ਼ੇ ਦੀ ਵਰਤੋਂ ਦੇ ਵਧ ਜਾਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਅਜੋਕੇ ਪੰਜਾਬ ਵਿਚ ਆਮ ਜੀਵਨ ਜਿਊਣਾ ਹੁਣ ਸੌਖਾ ਨਹੀਂ ਰਿਹਾ। ਜੀਵਨ ਦਾ ਹਰ ਪੱਖ ਅਤੇ ਰਿਸ਼ਤਾ ਭ੍ਰਿਸ਼ਟ ਚੁੱਕਾ ਹੈ। ਚਾਰੇ ਪਾਸੇ ਫੈਲੀ ਨਿਰਾਸ਼ਤਾ ਵਿਚੋਂ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਰਾਜਨੀਤਕ, ਆਰਥਿਕ, ਸਮਾਜਿਕ ਅਤੇ ਮਨੋਵਿਿਗਆਨਕ ਪੱਧਰ ‘ਤੇ ਸੰਕਟਾਂ ਤੋਂ ਇਲਾਵਾ ਇਥੋਂ ਦੀ ਖੁਰਾਕ, ਪੌਣ ਪਾਣੀ ਆਦਿ ਸਭ ਕੁਝ ਦੂਸ਼ਿਤ ਹੋ ਚੁੱਕਾ ਹੈ। ਜਿਸ ਰਾਜ ਵਿਚ ਬੀਜੀ ਜਾਂਦੀ ਹਰ ਤਰ੍ਹਾਂ ਦੀ ਫ਼ਸਲ, ਫਲ, ਸਬਜ਼ੀ ਨੂੰ ਨਸ਼ੇ (ਜ਼ਹਿਰ) ਦੀ ਪਾਣ ਚਾੜ੍ਹੀ ਜਾਂਦੀ ਹੈ ਤੇ ਦੁੱਧ ਆਦਿ ਇਥੋਂ ਤੱਕ ਮਾਂ ਦੇ ਦੁੱਧ ਵਿਚ ਵੀ ਜ਼ਹਿਰ ਦੇ ਅੰਸ਼ ਸਾਹਮਣੇ ਆ ਚੁੱਕੇ ਹਨ, ਜ਼ਹਿਰੀਲੇ ਵਾਤਾਵਰਨ ਵਿਚ ਰਹਿੰਦੇ ਉਥੋਂ ਦੇ ਵਸ਼ਿੰਦੇ ਕੀ ਜ਼ਹਿਰ (ਨਸ਼ਿਆਂ) ਤੋਂ ਬਿਨਾਂ ਰਹਿ ਸਕਦੇ ਹਨ? ਇਸ ਪ੍ਰਸ਼ਨ ਦਾ ਮਤਲਬ ਇਹ ਨਹੀਂ ਕਿ ਅਸੀਂ ਨਸ਼ੇ ਦੀ ਵਰਤੋਂ ਨੂੰ ਜਾਇਜ਼ ਕਰਾਰ ਦੇ ਰਹੇ ਹਾਂ ਬਲਕਿ ਸਥਿਤੀ ਨੂੰ ਸਮਝਣਾ ਜ਼ਰੂਰੀ ਹੈ ਕਿ ਇਹ ਮਸਲਾ ਕਿੰਨਾ ਗੰਭੀਰ ਹੈ।

ਨਸ਼ੇ ਮਨੁੱਖ ਸਹਾਰਾ ਲੈਣ ਲਈ ਵਰਤਦਾ ਹੈ। ਅਜੋਕੇ ਜੀਵਨ ਵਿਚ ਸਿਹਤ, ਪਰਿਵਾਰ ਤੇ ਸਮਾਜ ਤੋਂ ਸਹਾਰੇ ਦੀਆਂ ਉਮੀਦਾਂ ਮੱਧਮ ਪੈ ਰਹੀਆਂ ਹਨ। ਪੁਰਾਣੇ ਸਮੇਂ ਵਿਚ ਲੋਕ ਉਸਾਰੂ ਕਦਰਾਂ-ਕੀਮਤਾਂ ਦੇ ਸਹਾਰੇ ਜਿਊਂਦੇ ਸਨ। ਉਸ ਸਮੇਂ ਮਨੁੱਖ ਦੇ ਗੁਣਾਂ ਨੂੰ ਵਡਿਆਇਆ ਜਾਂਦਾ ਸੀ। ਅਜੋਕੇ ਸਮੇਂ ਵਿਚ ਮਨੁੱਖ ਨੂੰ ਸੰਸਕਾਰੀ ਜਾਂ ਗੁਣੀ ਹੋਣ ਨਾਲੋਂ ਮੁਨਾਫਾਖੋਰ ਬਣਾਇਆ ਜਾਂਦਾ ਹੈ। ਮੁਨਾਫ਼ੇ ਦਾ ਲਾਲਚ ਹਰ ਪਾਸੇ ਪਸਰਿਆ ਹੋਇਆ ਹੈ। ਵਿੱਦਿਅਕ ਸੰਸਥਾਵਾਂ ਜਿਥੋਂ ਬੌਧਿਕ ਦਿਸ਼ਾ ਮਿਲਦੀ ਸੀ ਉਹ ਮੁਨਾਫਾਖੋਰੀ ਕਾਰੋਬਾਰ ਬਣ ਚੁੱਕੀਆਂ ਹਨ। ਜਦੋਂ ਮੁਨਾਫਾ ਮਕਸਦ ਬਣ ਜਾਵੇ ਤਾਂ ਮੁਨਾਫ਼ੇ ਲਈ ਨਸ਼ਾ ਤਸਕਰ ਦੁਆਰਾ ਨੌਜਵਾਨਾਂ ਦੀਆਂ ਜਾਨਾਂ ਨਾਲ ਖੇਡ ਕੇ ਮੁਨਾਫ਼ਾ ਕਮਾਉਣਾ ਵੀ ਸੰਭਵ ਹੋ ਜਾਂਦਾ ਹੈ ਅਤੇ ਉਹ ਕਮਾ ਵੀ ਰਹੇ ਹਨ। ਨਸ਼ਾ ਰੋਕਣ ਲਈ ਜਾਗ੍ਰਿਤ ਹੋਣਾ ਪਵੇਗਾ ਅਜੋਕੇ ਪਦਾਰਥਵਾਦੀ ਯੁੱਗ ਵਿਚ ਜੀਵਨ ਨੂੰ ਜਿਊਣ ਜੋਗਾ ਬਣਾਉਣ ਲਈ, ਉਸਾਰੂ ਕਦਰਾਂ-ਕੀਮਤਾਂ ਸਿਰਜਣ ਲਈ ਪੰਜਾਬ ਦੀ ਬੌਧਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਬੌਧਿਕ ਕੰਗਾਲੀ ਦੀ ਬਦੌਲਤ ਨਸ਼ੇ ਰੋਕਣ ਦੀਆਂ ਕਾਰਵਾਈਆਂ ਸਿਰ ‘ਤੇ ਲੱਗੀ ਸੱਟ ਦਾ ਉਪਾਅ ਕਰਨ ਦੀ ਬਜਾਇ ਪੈਰਾਂ ‘ਤੇ ਮੱਲ੍ਹਮ ਪੱਟੀ ਕਰਨ ਵਰਗਾ ਅਮਲ ਬਣਦੀਆਂ ਜਾ ਰਹੀਆਂ ਹਨ।

* ਪ੍ਰੋਫੈਸਰ ਅਤੇ ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੇਬੀ:9814590699

ਇਹ ਲੇਖ 9 ਅਗਸਤ 2018(ਦਿਨ ਵੀਰਵਾਰ) ਨੂੰ ਅਜੀਤ ਅਖਬਾਰ ਵਿਚ ਛਪਿਆ ਸੀ।ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਛਾਪ ਰਹੇ ਹਾਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਦੁਨੀਆਂ ਦੀਆਂ ਪਹਿਲੀਆਂ ਪੰਜ ਉਪਜਾਊ ਧਰਤੀਆਂ ਚੋਂ ਲਗਭਗ ਦੂਜੇ ਸਥਾਨ 'ਤੇ ਹੈ ਪ੍ਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚੋਂ ਜਮੀਨ ਦਾ ਵਾਹੀ ਯੋਗ ਰਕਬਾ ਸੜਕਾਂ, ਉੱਚੇ ਪੁਲਾਂ ਤੇ
ਪੰਜਾਬ ਦੁਨੀਆਂ ਦੀਆਂ ਪਹਿਲੀਆਂ ਪੰਜ ਉਪਜਾਊ ਧਰਤੀਆਂ ਚੋਂ ਲਗਭਗ ਦੂਜੇ ਸਥਾਨ 'ਤੇ ਹੈ ਪ੍ਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚੋਂ ਜਮੀਨ ਦਾ ਵਾਹੀ ਯੋਗ ਰਕਬਾ ਸੜਕਾਂ, ਉੱਚੇ ਪੁਲਾਂ ਤੇ
ਭਾਰਤ ਦੀ ਭੋਜਨ ਦੀ ਮੰਗ ਪੂਰੀ ਕਰਨ ਲਈ 1960-70 ਦੇ ਦਹਾਕੇ ਵਿੱਚ ਖੇਤੀ ਖੇਤਰ ਵਿੱਚ ਆਈ ਕ੍ਰਾਂਤੀ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ ਹੈ। ਪੰਜਾਬ ਨੂੰ ਹਰੀ ਕ੍ਰਾਂਤੀ ਲਈ
ਸਾਨੂੰ ਜਿੱਥੇ ਇਕ ਪਾਸੇ ਪਾਣੀ ਦੇ ਖਤਮ ਹੋਣ ਦਾ ਖਦਸ਼ਾ ਹੈ ਉਸਦੇ ਨਾਲ ਨਾਲ ਹੀ ਪਾਣੀ ਦੇ ਪਲੀਤ ਹੋਣ ਦਾ ਮਸਲਾ ਵੀ ਸਾਡੇ ਸਾਹਮਣੇ ਖੜ੍ਹਾ ਹੈ। ਪਾਣੀ ਪਲੀਤ ਕਰਨ ਵਾਲਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: