ਸੰਗਰੂਰ: ਭਾਰਤੀ ਨਿਜ਼ਾਮ ਵੱਲੋਂ ਸਿੱਖ ਸੰਘਰਸ਼ ਨੂੰ ਦਬਾਉਣ ਲਈ ਜਿਸ ਤਰ੍ਹਾਂ ਦਾ ਰਵੱਈਆ ਪੰਜਾਬ ਪੁਲਿਸ ਦਾ ਬਣਾ ਦਿੱਤਾ ਗਿਆ ਸੀ ਉਸ ਰਵੱਈਏ ਦੇ ਅੱਜ ਵੀ ਲੋਕ ਸ਼ਿਕਾਰ ਹੋ ਰਹੇ ਹਨ।ਬੀਤੇ ਬੁੱਧਵਾਰ ਦੀ ਰਾਤ ਸੰਗਰੂਰ ਪੁਲਿਸ ਨੇਂ ਜੁਲਮ ਦੀਆਂ ਹੱਦਾਂ ਪਾਰ ਕਰਦਿਆਂ ਸ਼ਰਾਬ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਵਿਅਕਤੀ ਮੰਗਾ ਸਿੰਘ ਦੀ ਕੁੱਟਮਾਰ ਕਰਦਿਆਂ ਉਸ ਨੂੰ ਅਣਮਨੁੱਖੀ ਢੰਗ ਨਾਲ ਤਸੀਹੇ ਦਿੱਤੇ। ਪੁਲਿਸ ਮੁਲਾਜ਼ਮਾਂ ਨੇ ਮੰਗਾ ਸਿੰਘ ਦੇ ਗੁਪਤ ਅੰਗ ਵਿੱਚ ਸਰਿੰਜ ਨਾਲ ਪਟਰੋਲ ਭਰਿਆ ਤੇ ਉਸ ਦੇ ਗੁਪਤ ਅੰਗ ਵਿੱਚ ਡੰਡਾ ਪਾ ਕੇ ਤਸੀਹੇ ਦਿੱਤੇ ਗਏ।

ਪੁਲਿਸ ਦੀ ਇਸ ਜਾਲਮਾਨਾ ਕਾਰਵਾਈ ਨਾਲ ਲਹੂ ਲੁਹਾਨ ਹੋਏ ਮੰਗਾ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਬਾਅਦ ਵਿੱਚ ਹਾਲਤ ਖਰਾਬ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਮੰਗਾ ਸਿੰਘ ਮੀਟ ਵੇਚਣ ਦੀ ਦੁਕਾਨ ਚਲਾਉਂਦਾ ਹੈ ਤੇ ਇੱਕ ਸ਼ਰਾਬ ਦੇ ਠੇਕੇਦਾਰ ਦੇ ਮੁਲਾਜ਼ਮ ਨੇ ਇਹ ਦੋਸ਼ ਲਗਾਇਆ ਕਿ ਮੰਗਾ ਸਿੰਘ ਨੇ ਇੱਕ ਸ਼ਰਾਬ ਦੀ ਬੋਤਲ ਵੇਚੀ ਹੈ। ਉਸ ਨਾਲ ਆਏ ਦੋ ਪੁਲਿਸ ਮੁਲਾਜ਼ਮਾ ਨੇ ਮੰਗਾ ਸਿੰਘ ਦਾ ਪੱਖ ਸੁਣੇ ਬਿਨਾਂ ਹੀ ਉਸ ਨੂੰ ਸਿਟੀ ਥਾਣੇ ਲਿਆ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ।
ਇਸ ਅਣਮਨੁੱਖੀ ਕਾਰੇ ਦੀ ਖਬਰ ਫੈਲਣ ਤੋਂ ਬਾਅਦ ਜਾਂਚ ਕਰਨ ਲਈ ਪੁਲਿਸ ਥਾਣਾ ਸਿਟੀ ਪਹੁੰਚੇ ਡੀਆਈਜੀ ਬਲਕਾਰ ਸਿੰਘ ਸਿੱਧੂ ਅਤੇ ਐਸਐਸਪੀ ਪ੍ਰਿਤਪਾਲ ਸਿੰਘ ਸਿੱਧੂ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ ਉਸ ਸਮੇਂ ਇੱਕ ਹੋਰ ਵਿਅਕਤੀ ਪਰਿਵਾਰ ਸਮੇਤ ਉੱਥੇ ਪਹੁੰਚਿਆ ਤੇ ਉਸ ਨੇ ਵੀ ਆਪਣਾ ਦੁੱਖੜਾ ਰੌਂਦਿਆਂ ਡੀਆਈਜੀ ਨੂੰ ਦੱਸਿਆ ਕਿ ਉਸ ਨਾਲ ਵੀ ਬੀਤੀ ਰਾਤ ਇਸ ਥਾਣੇ ਵਿੱਚ ਅਣਮਨੁੱਖੀ ਤਸ਼ੱਦਦ ਹੋਇਆ ਹੈ।
ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਹੋਲਦਾਰ ਭੋਲਾ ਸਿੰਘ, ਹੋਮਗਾਰਡ ਜਵਾਨ ਇਕਬਾਲ, ਗੁਰਜੰਟ ਸਿੰਘ ਅਤੇ ਸ਼ਰਾਬ ਠੇਕੇਦਾਰ ਦੇ ਮੁਲਾਜ਼ਮ ਬਬਲੂ ਖਿਲਾਫ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਬਬਲੂ ਅਜੇ ਗ੍ਰਿਫਤਾਰ ਨਹੀਂ ਹੋ ਸਕਿਆ।