ਫ਼ਰੀਦਕੋਟ (23 ਅਗਸਤ 2014): ਪੰਜਾਬ ਪੁਲਸ ਵੱਲੋਂ ਗ੍ਰਿਫਤਾਰ ਕਰਨ ਮਗਰੌਂ ਅੱਜ ਪੁਲਸ ਨੇ ਬਾਬੇ ਤੋਂ ਇੱਕ ਏ. ਕੇ 47 ਰਾਈਫਲ ਦੀ ਬਰਾਮਦੀ ਕਰਨ ਲਈ ਪੁਲਸ ਰਿਮਾਂਡ ਵਿੱਚ ਵਾਧਾ ਕਰਨ ਦੀ ਅਰਜ਼ੀ ਦਿੱਤੀ, ਜਿਸ ‘ਤੇ ਕਾਰਵਾਈ ਕਰਦਿਆਂ ਸਥਾਨਕ ਇਲਾਕਾ ਮੈਜਿਸਟਰੇਟ ਸ੍ਰੀ ਵਿਸ਼ੇਸ਼ ਨੇ ਜੈਤੋ ਪੁਲੀਸ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਪੁਲੀਸ ਰਿਮਾਂਡ ਵਿੱਚ ਇੱਕ ਦਿਨ ਦਾ ਵਾਧਾ ਕਰ ਦਿੱਤਾ ਹੈ। ਜਦ ਕਿ ਉਸ ਦੇ ਦੋ ਸਾਥੀਆਂ ਰਜਿੰਦਰ ਸਿੰਘ ਅਤੇ ਰਣਧੀਰ ਸਿੰਘ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ।
ਪੁਲੀਸ ਰਿਮਾਂਡ ’ਤੇ ਹੋਈ ਬਹਿਸ ਦੌਰਾਨ ਬਾਬਾ ਦਾਦੂਵਾਲ ਦੇ ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਅਦਾਲਤ ਨੂੰ ਦੱਸਿਆ ਕਿ ਜਿਹੜੀ ਏ.ਕੇ. 47 ਰਾਈਫ਼ਲ ਪੁਲੀਸ ਨਾਜਾਇਜ਼ ਹੋਣ ਦਾ ਦਾਅਵਾ ਕਰ ਰਹੀ ਹੈ, ਉਹ ਰਾਈਫ਼ਲ ਅਸਲ ਵਿੱਚ ਸਰਕਾਰੀ ਗੰਨਮੈਨ ਦੀ ਹੈ, ਜੋ ਪੰਜਾਬ ਸਰਕਾਰ ਨੇ ਭਲੇ ਵੇਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਦਿੱਤੇ ਸਨ। ਪੁਲੀਸ ਵੱਲੋਂ ਅੱਜ ਅਦਾਲਤ ਵਿੱਚ ਦਿੱਤੀ ਗਈ ਪੁਲੀਸ ਰਿਮਾਂਡ ਦੀ ਅਰਜ਼ੀ ਵਿੱਚ ਲਿਖਿਆ ਗਿਆ ਹੈ ਕਿ ਬਾਬਾ ਦਾਦੂਵਾਲ ਕੋਲ ਕਥਿਤ ਤੌਰ ’ਤੇ ਇੱਕ ਨਾਜਾਇਜ਼ ਏ.ਕੇ. 47 ਰਾਈਫ਼ਲ ਹੈ, ਜਿਸ ਸਬੰਧੀ ਪੁਲੀਸ ਨੇ ਅਦਾਲਤ ਵਿੱਚ ਰਾਈਫ਼ਲ ਦੀ ਤਸਵੀਰ ਵੀ ਪੇਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ 22 ਅਗਸਤ ਨੂੰ ਪੁਲੀਸ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਸੀ।
ਇਸੇ ਦੌਰਾਨ ਜੈਤੋ ਦੀ ਪੁਲੀਸ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਸੱਤ ਸਮਰਥਕਾਂ ਨੂੰ ਪੰਜ ਸਾਲ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅੱਜ ਸਿਵਲ ਹਸਪਤਾਲ ਵਿੱਚੋਂ ਡਾਕਟਰੀ ਜਾਂਚ ਕਰਵਾ ਕੇ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਗਿਆ ਜਿਥੇ ਇਲਾਕਾ ਮੈਜਿਸਟਰੇਟ ਨੇ ਉਨ੍ਹਾਂ ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਸਾਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਗੁਰਦੁਆਰਾ ਜੰਡਿਆਲੀ ਸਾਹਿਬ ਕੋਟ ਸ਼ਮੀਰ (ਬਠਿੰਡਾ) ਦੇ ਸੇਵਾਦਾਰ ਹਨ ਤੇ ਉਨ੍ਹਾਂ ਨੂੰ ਪੁਲੀਸ ਨੇ ਬਾਬਾ ਦਾਦੂਵਾਲ ਦੇ ਨਾਲ ਹੀ 21 ਅਗਸਤ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ।