ਲੁਧਿਆਣਾ (22 ਅਗੱਸਤ 2014): ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਵੱਲੋਂ ਹਿੰਦੂਤਵ ਅਤੇ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਪ੍ਰਤੀ ਦਿੱਤੇ ਬਿਆਨ ‘ਤੇ ਪੰਜਾਬ ਦੇ ਮੁੱਖ ਮੰਤੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਹੈ, ਇਸ ਕਰਕੇ ਵੱਖ-ਵੱਖ ਧਰਮਾਂ, ਜਾਤਾਂ, ਵਿਸ਼ਵਾਸਾਂ ਤੇ ਭਾਈਚਾਰਿਆਂ ‘ਤੇ ਟਿਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਰਖਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਵਿਰੁਧ ਟਿਪਣੀਆਂ ਕਰਨ ‘ਤੇ ਬਚਣਾ ਚਾਹੀਦਾ ਹੈ।
ਉਨਾਂ ਨੇ ਸਾਰੀਆ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਨਤਕ ਪ੍ਰੋਗਰਾਮਾਂ ਦੌਰਾਨ ਮਰਿਆਦਾ ਅਤੇ ਅਨੁਸ਼ਾਸਨ ਬਣਾਈ ਰਖਣ ਅਤੇ ਆਗੂਆਂ ਦੇ ਭਾਸ਼ਣ ਸਮੇਂ ਰੌਲਾ-ਰੱਪਾ ਪਾਉਣ ਤੋਂ ਗੁਰੇਜ਼ ਕਰਨ ਲਈ ਆਖਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਿਧਵਾਵਾਂ ਲਈ ਭਲਾਈ ਸਕੀਮ ਸ਼ੁਰੂ ਕਰਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਾ ਕੇਵਲ ਗ਼ੈਰ ਸਿਹਤਮੰਦ ਅਮਲ ਹੈ, ਸਗੋ ਗ਼ੈਰ ਜਮਹੂਰੀ ਅਤੇ ਨੈਤਿਕਤਾ ਦੇ ਵੀ ਵਿਰੁਧ ਹੈ।
ਹਾਲ ਹੀ ਵਿਚ ਪ੍ਰਧਾਨ ਮੰਤਰੀ ਦੇ ਹਰਿਆਣਾ ਦੌਰੇ ਦੌਰਾਨ ਇਕ ਭਾਸ਼ਣ ਮੌਕੇ ਪਾਏ ਰੌਲੇ-ਰੱਪੇ ਦੇ ਸਬੰਧ ਵਿਚ ਪੁਛੇ ਗਏ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਉਹ ਇਸ ਸਵਾਲ ਦਾ ਜਵਾਬ ਦੇਣ ਤੋਂ ਅਸਮਰੱਥ ਹਨ ਕਿਉਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਇਹ ਘਟਨਾ ਸੁਭਾਵਿਕ ਵਾਪਰੀ ਹੈ ਜਾਂ ਯੋਜਨਾਬੱਧ ਸੀ।