ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਦੀ ਲੜੀ ਟੁੱਟਣ ਦਾ ਨਾਂ ਨਹੀਂ ਲੈ ਰਹੀ। ਪਿਛਲੇ 40 ਦਿਨਾਂ ਦੌਰਾਨ ਸਿਹਤ ਵਿਭਾਗ ਨੇ ਵਿਸਰੇ ਦੇ 23 ਸੈਂਪਲ ਨਸ਼ੇ ਕਾਰਨ ਹੋਈ ਮੌਤ ਦੇ ਸ਼ੱਕ ਦੇ ਅਧਾਰ ‘ਤੇ ਜਾਂਚ ਲਈ ਖਰੜ ਸਥਿਤ ਸੂਬੇ ਦੇ ਜਾਂਚ ਕੇਂਦਰ ਵਿਚ ਭੇਜੇ ਹਨ। ਇਸ ਸਾਲ ਦੌਰਾਨ ਇਸ ਜਾਂਚ ਕੇਂਦਰ ਵਲੋਂ ਇਸ ਤਰ੍ਹਾਂ ਦੇ 105 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਟ੍ਰਿਬਿਊਨ ਅਖਬਾਰ ਵਲੋਂ ਛਾਪੇ ਗਏ ਅੰਕੜਿਆਂ ਮੁਤਾਬਕ 26 ਜੁਲਾਈ ਤੋਂ 4 ਸਤੰਬਰ ਦੇ ਸਮੇਂ ਦਰਮਿਆਨ ਵਿਸਰੇ ਦੇ 23 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਹਨਾਂ ਵਿਚੋਂ 12 ਦੀ ਮੌਤ ਜੁਲਾਈ ਵਿਚ ਹੋਈ, ਚਾਰ ਦੀ ਅਗਸਤ ਵਿਚ ਜਦਕਿ ਬਾਕੀ ਮੌਤਾਂ ਸਤੰਬਰ ਮਹੀਨੇ ਵਿਚ ਹੋਈਆਂ ਹਨ।
ਨਸ਼ੇ ਕਾਰਨ ਬੀਤੇ ਸਮੇਂ ਦੌਰਾਨ ਹੋਈਆਂ ਮੌਤਾਂ ਵਿਚ ਸਭ ਤੋਂ ਖਤਰਨਾਕ ਪਹਿਲੂ ਇਹ ਹੈ ਕਿ ਮਰਨ ਵਾਲਿਆਂ ਵਿਚ 85 ਫੀਸਦੀ 30 ਸਾਲ ਦੀ ਉਮਰ ਤੋਂ ਘੱਟ ਸਨ। ਇਹਨਾਂ ਵਿਚੋਂ ਕੁਝ ਤਾਂ 20 ਸਾਲ ਤੋਂ ਵੀ ਘੱਟ ਉਮਰ ਦੇ ਨੌਜਵਾਨ ਸਨ।
ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੌਤ ਦਾ ਕਾਰਨ ਬਣਨ ਵਾਲੇ ਨਸ਼ੀਲੇ ਪਦਾਰਥਾਂ ਵਿਚ ਮੋਰਫਿਨ, ਬੇਂਜ਼ੋਡਾਇਜ਼ੇਪਾਈਨ, ਟਰੈਮਾਡੋਲ ਅਤੇ ਕੋਕੀਨ ਸ਼ਾਮਿਲ ਹਨ। ਗੌਰਤਲਬ ਹੈ ਕਿ ਬੇਂਜ਼ੋਡਾਇਜ਼ੇਪਾਈਨ ਨੂੰ ਨਸ਼ਾ ਛੁਡਾਉਣ ਲਈ ਵੀ ਵਰਤਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਨਸ਼ੇ ਦਾ ਸੰਤਾਪ ਭੋਗ ਰਹੇ ਪੰਜਾਬ ਵਿਚ ਜੁਲਾਈ ਮਹੀਨੇ ਅੰਦਰ ਨਸ਼ੇ ਦਾ ਕਹਿਰ ਸਾਰੀ ਦੁਨੀਆ ਨੇ ਦੇਖਿਆ ਸੀ ਜਦੋਂ ਇਕ ਮਹੀਨੇ ਵਿਚ ਨਸ਼ੇ ਕਾਰਨ 25 ਮੌਤਾਂ ਦਾ ਮਾਮਲਾ ਸਾਹਮਣੇ ਆਇਆ ਸੀ। ਭਾਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੇ ਨੂੰ ਖਤਮ ਕਰਨ ਦਾ ਦਾਅਵਾ ਸਾਰੀਆਂ ਹੀ ਪਾਰਟੀਆਂ ਕਰਦੀਆਂ ਰਹੀਆਂ, ਪਰ ਵੋਟਾਂ ਦਾ ਮੌਸਮ ਲੰਘਣ ਤੋਂ ਬਾਅਦ ਨਸ਼ਾ ਭਾਵੇਂ ਨਹੀਂ ਖਤਮ ਹੋਇਆ, ਪਰ ਪੰਜਾਬ ਦਾ ਨੌਜਵਾਨ ਲਗਾਤਾਰ ਖਤਮ ਹੋ ਰਿਹਾ ਹੈ ਤੇ ਸਰਕਾਰਾਂ ਬੇਸ਼ਰਮੀ ਦੀ ਨੀਂਦ ਸੁੱਤੀਆਂ ਪਈਆਂ ਹਨ।