ਨਵੀਂ ਦਿੱਲੀ (19 ਜੂਨ 2014): ਸਿੱਖ ਇਹ ਲੰਬੇ ਸਮੇਂ ਤੋਂ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਸਿੱਖਾਂ ਦੇ ਕੇਂਦਰੀ ਧਾਰਮਕਿ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਸਿੱਖਾਂ ਦੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵੱਲੋਂ ਵਸਾਏ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿੱਤਾ ਜਾਵੇ ਅਤੇ ਸ਼ਹਿਰ ਵਿੱਚੋਂ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਅਤੇ ਤੰਬਾਕੂ ਨਾਲ ਸਬੰਧਿਤ ਚੀਜ਼ਾਂ ‘ਤੇ ਮੁਕੰਮਲ ਪਾਬੰਦੀ ਲਾਈ ਜਾਵੇ।ਪਰ ਸਿੱਖਾਂ ਦੀ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੀ ਚਰੋਕਣੀ ਮੰਗ ਨੂੰ ਨਜ਼ਰ ਅੰਦਾਜ਼ ਕਰਦਿਆਂ ਪੰਜਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੀ ਬਜ਼ਾਏ ਸਮਾਰਟ ਸਿਟੀਬਣਾਉਣ ਦੀ ਮੰਗ ਕੀਤੀ ਹੈ।
ਅਜੀਤ ਅਖਬਾਰ ਵਿੱਚ ਲੱਗੀ ਖਬਰ ਅਨੁਸਾਰ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਨਾਇਡੂ ਨੂੰ ਜ਼ੋਰ ਦੇ ਕੇ ਆਖਿਆ ਕਿ ਪਵਿੱਤਰ ਸ਼ਹਿਰ ਅੰਮਿ੍ਤਸਰ ਸਾਹਿਬ ਨੂੰ ਵੀ ਸਮਾਰਟ ਸਿਟੀ ਪ੍ਰਾਜੈਕਟ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਕਿ ਇਸ ਸ਼ਹਿਰ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਨਾਲ ਲਗਦੇ ਕਸਬਿਆਂ ਦਾ ਵੀ ਢੁਕਵਾਂ ਵਿਕਾਸ ਕੀਤਾ ਜਾ ਸਕੇ ।
ਬਾਦਲ ਨੇ ਅੱਜ ਕੇਂਦਰ ਸਰਕਾਰ ਤੋਂ ਦੇਸ਼ ਵਿਚ ਆਧੁਨਿਕ ਲੀਹਾਂ ‘ਤੇ ਵਿਕਸਤ ਕੀਤੇ ਜਾ ਰਹੇ ਵੱਡੇ ਸ਼ਹਿਰਾਂ ਲਈ ਬਣਾਈ ਜਾ ਰਹੀ ਸਕੀਮ ਹੇਠ ਅੰਮਿ੍ਤਸਰ ਨੂੰ ‘ਸਮਾਰਟ ਸਿਟੀ’ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਜਿਸਨੂੰ ਕੇਂਦਰ ਨੇ ਸਹਿਮਤੀ ਦੇ ਦਿੱਤੀ ।ਇਸ ਬਾਰੇ ਫੈਸਲਾ ਸ਼ਹਿਰੀ ਵਿਕਾਸ ਤੇ ਗਰੀਬੀ ਹਟਾਉਣ ਬਾਰੇ ਕੇਂਦਰੀ ਮੰਤਰੀ ਸ੍ਰੀ ਐੱਮ. ਵੈਂਕੱਈਆ ਨਾਇਡੂ ਦੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ ।
ਸ.ਬਾਦਲ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ ਤੋਂ ਇਲਾਵਾ ਜਲਿ੍ਆਂ ਵਾਲੇ ਬਾਗ ਦੀ ਯਾਦਗਾਰ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਰੋਜ਼ਾਨਾ ਇੱਥੇ ਆਉਂਦੇ ਹਨ ਜਿਸ ਕਰਕੇ ਇਸ ਸ਼ਹਿਰ ਦਾ ਆਧੁਨਿਕ ਲੀਹਾਂ ‘ਤੇ ਵਿਕਾਸ ਕਰਕੇ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ।
ਮੁੱਖ ਮੰਤਰੀ ਵਲੋਂ ਉਠਾਏ ਵੱਖ ਵੱਖ ਮੁੱਦਿਆਂ ਪ੍ਰਤੀ ਹੁੰਗਾਰਾ ਭਰਦਿਆਂ ਸ੍ਰੀ ਨਾਇਡੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਨਾਉਣ ਲਈ ਕੇਂਦਰ ਸਰਕਾਰ ਹਰ ਸੰਭਵ ਸਹਿਯੋਗ ਦੇਵੇਗੀ। ਇਸ ਮੌਕੇ ਮੁੱਖ ਮੰਤਰੀ ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਪ੍ਰਮੁੱਖ ਸਕੱਤਰ ਸ੍ਰੀ ਐੱਸ. ਕੇ. ਸੰਧੂ ਹਾਜ਼ਰ ਸਨ ।ਮੁੱਖ ਮੰਤਰੀ ਦੀ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਸ੍ਰੀ ਨਾਇਡੂ ਨੇ ‘ਸਮਾਰਟ ਸਿਟੀਜ਼’ ਦੀ ਲਾਗੂ ਹੋਣ ਵਾਲੀ ਸਕੀਮ ਵਿਚ ਅੰਮਿ੍ਤਸਰ ਨੂੰ ਵੀ ਸ਼ਾਮਿਲ ਕਰਨ ਦੀ ਸਹਿਮਤੀ ਦੇ ਦਿੱਤੀ ।