ਖੰਨਾ(22 ਅਗਸਤ 2014): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਨੌਜਵਾਨ ਵਿਕਰਮ ਕੁਮਾਰ ਦੀ ਅਰਜ਼ੀ ਅੱਜ ਇੱਕ ਸਥਾਨਕ ਅਦਾਲਤ ਨੇ ਰੱਦ ਕਰ ਦਿੱਤੀ।ਪੁਲਸ ਨੇ ਵਿਕਰਮ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਵਿਕਰਮ ‘ਤੇ ਪੁਲਸ ਕਰਮਚਾਰੀ ਦੀ ਵਰਦੀ ਪਾੜਨ ਦੇ ਦੋਸ਼ ਲਾਏ।
ਅਜੀਤ ਅਖਬਾਰ ‘ਚ ਛਪੀ ਖ਼ਬਰ ਅਨੁਸਾਰ ਵਿਕਰਮ ਦੇ ਵਕੀਲਾਂ ਰਾਜੀਵ ਰਾਏ ਮਹਿਤਾ ਅਤੇ ਅਮਿਤ ਵਰਮਾ ਨੇ ਕਿਹਾ ਕਿ ਉਹ ਕੱਲ੍ਹ ਹੀ ਮਾਣਯੋਗ ਸੈਸ਼ਨ ਜੱਜ ਦੀ ਅਦਾਲਤ ਵਿਚ ਇਸ ਫ਼ੈਸਲੇ ਦੇ ਖਿਲਾਫ਼ ਅਪੀਲ ਦਾਇਰ ਕਰਨਗੇ।

ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲਾਂ ਰਾਜੀਵ ਰਾਏ ਮਹਿਤਾ ਅਤੇ ਅਮਿਤ ਵਰਮਾ ਦੇ ਮੁਕਾਬਲੇ ਦੂਜੇ 2 ਸਰਕਾਰੀ ਵਕੀਲ ਸ੍ਰੀ ਭਗਵਾਨ ਦਾਸ ਅਤੇ ਸ: ਸੁਖਚੈਨ ਸਿੰਘ ਪੇਸ਼ ਹੋਏ ਸਨ। ਮਾਣਯੋਗ ਜੱਜ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਥਿਤ ਦੋਸ਼ੀ ਵਿਕਰਮ ਦੀ ਜ਼ਮਾਨਤ ਅਰਜ਼ੀ ਨੂੰ ਨਾ-ਮਨਜ਼ੂਰ ਕਰ ਦਿੱਤਾ।
ਬਚਾਅ ਪੱਖ ਦੇ ਦੋਹਾਂ ਵਕੀਲਾਂ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਵੱਲੋਂ ਵਰਦੀ ਪਾੜਨ ਦਾ ਦੋਸ਼ ਝੂਠਾ ਅਤੇ ਬੇਬੁਨਿਆਦ ਹੈ।ਇਸ ਮੌਕੇ ਕਥਿਤ ਦੋਸ਼ੀ ਵਿਕਰਮ ਦੀ ਪਤਨੀ ਨਿਸ਼ਾਂ ਨੇ ਖੰਨਾ ਪੁਲਿਸ ਤੇ ਸਰਕਾਰ ਦੇ ਦਬਾਅ ਅਧੀਨ ਨਜਾਇਜ਼ ਕੇਸ ਪਾਉਣ ਦੇ ਦੋਸ਼ ਲਾਏ ਅਤੇ ਇਨਸਾਫ਼ ਦੀ ਦੁਹਾਈ ਦਿੱਤੀ।
ਜ਼ਿਕਰਯੋਗ ਹੈ ਕਿ ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਦਲ ਦੀ ਸ਼ਹੀਦੀ ਕਾਨਫਰੰਸ ਵਿਚ ਸੰਬੋਧਨ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ‘ਤੇ ਧਨੋਲਾ ਦੇ ਨੌਜਵਾਨ ਨੇ ਫੰਜਾਬ ਸਰਾਕਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਰੋਸ ਵਜੋਂ ਜੁੱਤੀ ਸੁੱਟ ਦਿੱਤੀ ਸੀ।