ਸਰੀ (20 ਜੁਲਾਈ, 2015): ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਦਲ ਦੇ ਆਗੂਆਂ ਅਤੇ ਮੰਤਰੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਬੈਠੇ ਸਿੱਖਾਂ ਦੇ ਗੱਸੇ ਅਤੇ ਨਰਾਜ਼ਗੀ ਦਾ ਵਾਰ–ਵਾਰ ਸ਼ਿਕਾਰ ਹੋਣਾਂ ਪੈ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਲਈ ਵਿਦੇਸ਼ਾਂ ਵਿੱਚ ਗਏ ਇਨ੍ਹਾਂ ਆਗੂਆਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਲੱਭ ਰਹੇ।
ਕੈਨੇਡਾ ਦੇ ਟਰਾਂਟੋ (ਓਾਟਾਰੀਓ) ‘ਚ ਬਾਦਲ ਦਲ ਰੱਖੀ ਕਾਨਫਰੰਸ ਠੁੱਸ ਹੋਣ ਤੋਂ ਬਾਅਦ ਮੁਲਕ ਦੇ ਪੱਛਮੀ ਕੰਢੇ ਬਿ੍ਟਿਸ਼ ਕੋਲੰਬੀਆ ਸੂਬੇ ‘ਚ ਰੱਖੀ ਗਈ ਦੂਜੀ ਕਾਨਫਰੰਸ ਵੀ ਬੁਰੀ ਤਰ੍ਹਾਂ ਅਸਫਲ ਹੋ ਗਈ ਜਦੋਂ 700 ਕੁ ਸੌ ਦੇ ਕਰੀਬ ਸਥਾਨਕ ਸਿੱਖਾਂ ਨੇ ਰੈਲੀ ਵਾਲੀ ਜਗ੍ਹਾ ਨੂੰ ਪੂਰੀ ਤਰ੍ਹਾਂ ਘੇਰ ਲਿਆ । ਸਿੱਟੇ ਵਜੋਂ ਰੈਲੀ ‘ਚ ਪੁੱਜਣ ਵਾਲਾ ਕੋਈ ਵੀ ਵੱਡਾ ਆਗੂ ਅੰਦਰ ਦਾਖਲ ਨਹੀਂ ਹੋ ਸਕਿਆ ।

ਪੰਜਾਬੀ ਅਖਬਾਰ ਅਜੀਤ ਵਿੱਚ ਟਰਾਂਟੋ ਤੋਂ ਨਸ਼ਰ ਖ਼ਬਰ ਅਨੁਸਾਰ ਬਾਦਲ ਸਰਕਾਰ ਤੇ ਬਾਦਲ ਪਰਿਵਾਰ ਵਿਰੁੱਧ ਮੁਰਦਾਬਾਦ ਦੇ ਨਾਅਰਿਆਂ ਨਾਲ ਤਕਰੀਬਨ 3 ਘੰਟੇ ਆਲਾ-ਦੁਆਲਾ ਗੂੰਜਦਾ ਰਿਹਾ । ਸਰੀ ਤੋਂ ਲਗਭਗ 50 ਕਿੱਲੋਮੀਟਰ ਦੂਰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਐਬਟਸਫੋਰਡ ‘ਚ ਅਕਾਲੀ ਦਲ ਦੀ ਕਾਨਫਰੰਸ ਨੂੰ ਸਥਾਨਕ ਇੰਡੋ-ਕੈਨੇਡੀਅਨ ਯੂਥ ਕਲੱਬ ਵਲੋਂ ਉਲੀਕਿਆ ਗਿਆ ਸੀ ।
ਇਸ ਰੈਲੀ ‘ਚ ਅਕਾਲੀ ਆਗੂਆਂ ਸ. ਸਿਕੰਦਰ ਸਿੰਘ ਮਲੂਕਾ, ਸ. ਹਰੀ ਸਿੰਘ ਜ਼ੀਰਾ, ਵਿਧਾਇਕ ਸ. ਮਨਪ੍ਰੀਤ ਸਿੰਘ ਇਆਲ਼ੀ, ਵਿਧਾਇਕ ਸ੍ਰੀ ਐਨ. ਕੇ. ਸ਼ਰਮਾ, ਵਿਧਾਇਕ ਸ੍ਰੀ ਐਸ. ਆਰ. ਕਲੇਰ, ਵਿਧਾਇਕ ਸ. ਸਰਬਜੀਤ ਸਿੰਘ ਮੱਕੜ ਆਦਿ ਆਗੂਆਂ ਦੇ ਆਉਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਗੱਲ ਆਖੀ ਗਈ ਸੀ ਪਰ ਮੁਜ਼ਾਹਰਾਕਾਰੀਆਂ ਦੇ ਆਉਣ ਤੋਂ ਪਹਿਲਾਂ ਕੇਵਲ ਸ੍ਰੀ ਐਨ. ਕੇ. ਸ਼ਰਮਾ ਹੀ ਹਾਲ ਅੰਦਰ ਦਾਖਲ ਹੋ ਸਕੇ, ਜਿਨ੍ਹਾਂ ਕੁਝ ਸਮਾਂ ਅੰਦਰ ਬੈਠੇ ਪ੍ਰਬੰਧਕਾਂ ਤੇ ਚੰਦ ਕੁ ਸ਼ਹਿਰੀਆਂ ਨੂੰ ਸੰਬੋਧਨ ਕੀਤਾ ।
ਪ੍ਰਬੰਧਕਾਂ ਦੇ ਨਾਲ ਕੁਝ ਮੁਜ਼ਾਹਰਾਕਾਰੀ ਵੀ ਪੁਲਿਸ ਨੂੰ ਚਕਮਾ ਦੇ ਕੇ ਹਾਲ ਅੰਦਰ ਦਾਖਲ ਹੋਣ ‘ਚ ਕਾਮਯਾਬ ਰਹੇ, ਜਿਨ੍ਹਾਂ ਸ ਸ਼ਰਮਾ ਦੇ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਨੂੰ ਬਾਪੂ ਸੂਰਤ ਸਿੰਘ, ਪੰਜਾਬ ‘ਚ ਫੈਲੇ ਨਸ਼ੇ ਅਤੇ ਪੰਜਾਬ ਦੇ ਹੋਰ ਮਸਲਿਆਂ ਸਬੰਧੀ ਤਿੱਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ । ਮਾਹੌਲ ਵਿਗੜਦਾ ਦੇਖ ਕੇ ਪੁਲਿਸ ਨੇ ਸ੍ਰੀ ਸ਼ਰਮਾ ਨੂੰ ਆਪਣੀ ਸੁਰੱਖਿਆ ਹੇਠ ਪਾਸੇ ਕੀਤਾ । ਇਸੇ ਦੌਰਾਨ ਬਾਹਰਲੇ ਸੈਂਕੜੇ ਮੁਜ਼ਾਹਰਕਾਰੀ ਹੱਲੇ ਨਾਲ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ । ਹਾਲਾਤ ਬੇਕਾਬੂ ਹੋਣ ਦੇ ਡਰੋਂ ਪੁਲਿਸ ਨੇ ਸਮਾਗਮ ਨੂੰ ਤੁਰੰਤ ਬੰਦ ਕਰਵਾ ਦਿੱਤਾ ।
ਦੂਜੇ ਪਾਸੇ ਮੁਜ਼ਾਹਰਾਕਾਰੀਆਂ ਦੀ ਅਗਵਾਈ ਕਰ ਰਹੇ ਇਕ ਨੌਜਵਾਨ ਧਰਮ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਸਿੱਖ ਵਿਰੋਧੀ ਕਾਰਵਾਈਆਂ ਬੰਦ ਕਰਕੇ ਸੁਮੇਧ ਸੈਣੀ, ਇਜ਼ਹਾਰ ਆਲਮ, ਪਿੰਕੀ ਕੈਟ ਜਿਹੇ ਸਿੱਖਾਂ ਦੇ ਕਾਤਲਾਂ ਦੀ ਪੁਸ਼ਤ ਪਨਾਹੀ ਬੰਦ ਕਰੇ ।
ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਪਿਛਲੇ 6 ਮਹੀਨੇ ਤੋਂ ਭੁੱਖ ਨਾਲ ਜੂਝਦਿਆਂ ਸੰਘਰਸ਼ ਕਰ ਰਹੇ ਹਨ ਪਰ ਵਿਦੇਸ਼ ‘ਚ ਆਏ ਅਕਾਲੀ ਆਗੂ ਉਨ੍ਹਾਂ ਦਾ ਹਾਲ-ਚਾਲ ਪੁੱਛਣ ਦੀ ਬਜਾਇ ਕੈਨੇਡਾ-ਅਮਰੀਕਾ ‘ਚ ਮਹਿਫ਼ਲਾਂ ਸਜਾ ਰਹੇ ਹਨ, ਜੋ ਕਿ ਬਾਹਰਲੇ ਸਿੱਖਾਂ ਨੂੰ ਕਬੂਲ ਨਹੀਂ ।
ਇਸ ਪੱਤਰਕਾਰ ਨਾਲ ਗੱਲ ਕਰਦਿਆਂ ਇੰਡੋ-ਕੈਨੇਡੀਅਨ ਯੂਥ ਕਲੱਬ ਦੇ ਆਗੂ ਗੁਰਚਰਨ ਸਿੰਘ ਧਾਲੀਵਾਲ ਨੇ ਇਸ ਵਰਤਾਰੇ ਨੂੰ ਮੰਦਭਾਗਾ ਦੱਸਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਕਲੱਬ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ।