ਨਵੀਂ ਦਿੱਲੀ: ਦੇਸ਼ ਧ੍ਰੋਹ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀ ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆ ਨੂੰ ਅੱਜ ਦਿੱਲੀ ਦੀ ਹੇਠਲੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਜੇਲ ਭੇਜ ਦਿੱਤਾ ਹੈ।

ਅੱਜ ਪੁਲਿਸ ਹਿਰਾਸਿਤ ਦੀ ਮਿਆਦ ਪੂਰੀ ਹੋਣ ਤੇ ਦੋਵੇਂ ਵਿਦਿਆਰਥੀਆਂ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ।
ਜਿਕਰਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਬੀਤੀ 9 ਫਰਵਰੀ ਨੂੰ ਅਫਜਲ ਗੁਰੂ ਦੀ ਫਾਂਸੀ ਦੇ ਵਿਰੋਧ ਵਿੱਚ ਸਮਾਗਮ ਕਰਨ ਅਤੇ ਉਸ ਦੌਰਾਨ ਦੇਸ਼ ਵਿਰੋਧੀ ਨਾਅਰੇ ਲੱਗਣ ਦੀ ਗੱਲ ਨੂੰ ਅਧਾਰ ਬਣਾ ਕੇ ਇਨ੍ਹਾਂ ਵਿਦਿਆਰਥੀਆਂ ‘ਤੇ ਦਿੱਲੀ ਪੁਲਿਸ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਦਬਾਅ ਹੇਠ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਸੀ।
ਇਸ ਕੇਸ ਨਾਲ ਸਬੰਧਿਤ ਇੱਕ ਹੋਰ ਵਿਦਿਆਰਥੀ ਕਨਹੀਆ ਕੁਮਾਰ ਦੀ ਕੱਲ੍ਹ ਦਿੱਲੀ ਹਾਈ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਇਹ ਮੰਨਿਆ ਹੈ ਕਿ ਉਸ ਕੋਲ ਅਜਿਹੀ ਕੋਈ ਵੀਡੀਓ ਨਹੀਂ ਜਿਸ ਵਿੱਚ ਕਨਹੀਆ ਕੁਮਾਰ ਵੱਲੋਂ ਦੇਸ਼ ਵਿਰੋਧੀ ਨਾਅਰੇਬਾਜੀ ਕੀਤੀ ਗਈ ਹੋਵੇ। ਕੱਲ੍ਹ ਦਿੱਲੀ ਹਾਈ ਕੋਰਟ ਨੇ ਇਸ ਕੇਸ ਵਿੱਚ ਦਿੱਲੀ ਪੁਲਿਸ ਦੀ ਕਾਰਵਾਈ ਲਈ ਉਸ ਨੂੰ ਝਾੜ ਵੀ ਪਾਈ।