ਚੰਡੀਗੜ੍ਹ: ਲੰਬੇ ਸਮੇਂ ਤੋਂ ਨਵੀਨੀਕਰਨ ਦੀ ਉਡੀਕ ਕਰ ਰਹੀ ਮੋਰਿੰਡਾ-ਬਸੀ ਪਠਾਣਾ-ਫਤਿਹਗੜ੍ਹ ਸਾਹਿਬ ਸੜਕ ਦੇ ਨਵੀਨੀਕਰਨ ਦਾ ਕੰਮ ਭਾਵੇਂ ਲਟਕ ਲਟਕ ਕੇ ਚੱਲ ਰਿਹਾ ਹੈ ਪਰ ਬਸੀ ਪਠਾਣਾ ਦੇ ਐਮ.ਐਲ.ਏ ਰਿਟਾਇਰਡ ਜੱਜ ਨਿਰਮਲ ਸਿੰਘ ਦੀ ਬੇਨਤੀ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਸੜਕ ਨੂੰ “ਦੀਵਾਨ ਟੋਡਰ ਮੱਲ ਮਾਰਗ” ਨਾਮ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਸਰਕਾਰ ਦੀ ਵੈਬਸਾਈਟ ਤੇ ਸਾਂਝੀ ਕੀਤੀ ਗਈ ਇਸ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਬਾਦਲ ਵੱਲੋਂ ਲੋਕ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਇਸ ਲਈ ਕਾਰਗਰ ਕਦਮ ਚੁੱਕੇ ਜਾਣ।
ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅਜੇ ਤੱਕ ਕੰਮ ਪੂਰਾ ਨਹੀਂ ਹੋ ਸਕਿਆ ਹੈ।