ਅੰਮ੍ਰਿਤਸਰ (3 ਜੂਨ, 2015): ਸ਼੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਨੂੰ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਮੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹੋ ਰਹੇ ਸ਼ਹੀਦੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕਰਨ ਦੀ ਯੋਜਨਾ ਹੈ, ਜਿਸ ਤਹਿਤ ਵਧੇਰੇ ਟਾਸਕ ਫੋਰਸ ਤੇ ਕਰਮਚਾਰੀ ਤੈਨਾਤ ਹੋਣਗੇ ਅਤੇ ਕਿਰਪਾਨ ਨੂੰ ਛੱਡ ਹੋਰ ਤੇਜ਼ਧਾਰ ਹਥਿਆਰ ਸਮਾਗਮ ਸਮੇਂ ਅੰਦਰ ਲੈ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਪ੍ਰਧਾਨ ਅਵਤਾਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਿਰਪਾਨ ਸਿੱਖ ਕਕਾਰਾਂ ਦਾ ਹਿੱਸਾ ਹੈ ਅਤੇ ਇਸ ਨੂੰ ਕਿਸੇ ਸਿੱਖ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਲੇਕਿਨ ਇਸ ਸੰਵੇਦਨਸ਼ੀਲ ਸਮਾਗਮ ਸਮੇਂ ਕਿਰਪਾਨ ਨੂੰ ਛੱਡ ਹੋਰ ਹਥਿਆਰਾਂ ਨੂੰ ਅੰਦਰ ਲੈ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗੲੀ ਹੈ ਕਿ ਉਹ ਇਸ ਅਰਦਾਸ ਸਮਾਗਮ ਸਮੇਂ ਸ਼ਹੀਦਾਂ ਨੂੰ ਸ਼ਾਂਤਮਈ ਢੰਗ ਨਾਲ ਸ਼ਰਧਾਂਜਲੀ ਭੇਂਟ ਕਰਨ। ਇਸ ਸਮਾਗਮ ਦੀ ਸੰਵੇਦਨਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਮਾਗਮ ਸ਼ਾਂਤਮਈ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਪਿਛਲੇ ਵਰ੍ਹੇ ਵਾਪਰੀ ਹਿੰਸਕ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਅਤੇ ਧਰਮ ਅਸਥਾਨ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ, ਜਿਸ ਤਹਿਤ ਟਾਸਕ ਫੋਰਸ ਵਧੇਰੇ ਕਰਮਚਾਰੀ ਤਾਇਨਾਤ ਹੋਣਗੇ, ਜੋ ਸਮਾਗਮ ਦੌਰਾਨ ਨਿਗਾਹ ਰੱਖਣਗੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਹੋਰਨਾਂ ਧਰਮ ਅਸਥਾਨਾਂ ’ਤੇ ਤਾਇਨਾਤ ਕਰਮਚਾਰੀਆਂ ਦੀ ਡਿਊਟੀ ਉਸ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਾਈ ਜਾਵੇਗੀ।
ਬੀਤੇ ਵਰ੍ਹੇ ਘੱਲੂਘਾਰਾ ਸਮਾਗਮ ਮੌਕੇ ਹਿੰਸਕ ਘਟਨਾ ਵਾਪਰੀ ਸੀ, ਜਿਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਹ ਝੜਪ ਮਾਮੂਲੀ ਮਾਮਲੇ ਨੂੰ ਲੈ ਕੇ ਹੋਈ ਸੀ ਅਤੇ ਹਿੰਸਕ ਝੜਪ ਦੌਰਾਨ ਕਿਰਪਾਨਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀ ਵੀ ਜ਼ਖਮੀ ਹੋਏ ਸਨ। ਮਗਰੋਂ ਇਸ ਮਾਮਲੇ ਵਿਚ 21 ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਿੱਖ ਧਿਰਾਂ ਵਿਚਾਲੇ ਵਾਪਰੀ ਇਸ ਹਿੰਸਕ ਘਟਨਾ ਕਾਰਨ ਵਿਸ਼ਵ ਪੱਧਰ ’ਤੇ ਸਿੱਖ ਭਾਈਚਾਰੇ ਦੇ ਅਕਸ ’ਤੇ ਮਾੜਾ ਅਸਰ ਪਿਆ ਸੀ।