ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਬੀਤੇ ਸਮੇਂ ਵਿਚ ਹਿੰਦੂਤਵੀ ਜਮਾਤਾਂ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਿਮਾਚਲ ਜਾਂ ਹਰਿਆਣੇ ਵਿਚ ਜ਼ਬਰੀ ਧੱਕਣ ਦੀ ਕਾਰਵਾਈ ਹੁੰਦੀ ਰਹੀ ਹੈ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲੋਂ ਕੱਢਕੇ ਹਰਿਆਣੇ ਜਾਂ ਹਿਮਾਚਲ ਨਾਲ ਜੋੜ ਦਿੱਤੇ ਗਏ ਹਨ।

ਪ੍ਰੈਸ ਬਿਆਨ ‘ਚ ਸ. ਮਾਨ ਨੇ ਕਿਹਾ ਕਿ ਅੱਜ ਵੀ ਅਸੀਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੇ ਖੋਹੇ ਗਏ ਜ਼ਬਰੀ ਪਾਣੀਆਂ, ਪੰਜਾਬੀ ਬੋਲੀ, ਸਿੱਖਾਂ ਦੀ ਫ਼ੌਜ ਵਿਚ ਭਰਤੀ ਦੇ ਘਟਾਏ ਗਏ ਕੋਟੇ, ਪੰਜਾਬ ਦੀਆਂ ਸਰਹੱਦਾਂ ‘ਤੇ ਲਗਾਈ ਗਈ ਕੰਡਿਆਲੀ ਤਾਰ ਨੂੰ ਖੋਲ੍ਹਕੇ ਵਪਾਰਕ ਅਤੇ ਕਿਸਾਨੀ ਉਤਪਾਦਾਂ ਨੂੰ ਦੂਸਰੇ ਮੁਲਕਾਂ ਵਿਚ ਭੇਜਣ ਲਈ, ਚੀਨ-ਪਾਕਿਸਤਾਨ ਦੇ ਬਣ ਰਹੇ ਕੋਰੀਡੋਰ ਦਾ ਪੰਜਾਬ ਨੂੰ ਹਿੱਸਾ ਬਣਾਉਣ ਸੰਬੰਧੀ, ਉਦਯੋਗਿਕ ਤੌਰ ‘ਤੇ ਪੰਜਾਬ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਸੰਘਰਸ਼ ਕਰਦੇ ਆ ਰਹੇ ਹਾਂ। ਤਾਂ ਜੋ ਹਿੰਦੂਤਵ ਜਮਾਤਾਂ ਇਨ੍ਹਾਂ ਸਾਜਿ਼ਸਾਂ ਵਿਚ ਸਫ਼ਲ ਨਾ ਹੋ ਸਕਣ।
ਸਬੰਧਤ ਖ਼ਬਰ:
ਆਮ ਆਦਮੀ ਪਾਰਟੀ ਨੇ ਸਾਬਕਾ ਫੌਜੀ ਸੁਰੇਸ਼ ਖਜੂਰੀਆ ਨੂੰ ਗੁਰਦਾਸਪੁਰ ਜ਼ਿਮਨੀ ਚੋਣ ਲਈ ਦਿੱਤੀ ਟਿਕਟ …
ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰਦਾਸਪੁਰ ਦੀ ਆ ਰਹੀ ਲੋਕ ਸਭਾ ਦੀ ਜ਼ਿਮਨੀ ਚੋਣ ਜ਼ਰੂਰ ਲੜੇ। ਗੁਰਦਾਸਪੁਰ, ਡੇਰਾ ਬਾਬਾ ਨਾਨਕ, ਦੀਨਾਨਗਰ, ਬੋਹਾ, ਸੁਜਾਨਪੁਰ ਆਦਿ ਜੋ ਸਰਹੱਦਾਂ ‘ਤੇ ਸਥਿਤ ਹਨ, ਉਨ੍ਹਾਂ ਸਰਹੱਦੀ ਨਿਵਾਸੀਆਂ ਨੂੰ ਲਾਮਬੰਦ ਕਰਦੇ ਹੋਏ ਇਸ ਜ਼ਿਮਨੀ ਚੋਣ ਵਿਚ ਜਿੱਤ ਯਕੀਨੀ ਹੋ ਸਕੇ, ਆਪਣੀਆਂ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਜ਼ਿੰਮੇਵਾਰੀਆਂ ਤੋਂ ਸੁਚੇਤ ਕਰਦੇ ਹੋਏ ਪਾਰਟੀ ਦੀ ਸੋਚ ਤੋਂ ਵੀ ਇਨ੍ਹਾਂ ਇਲਾਕਿਆਂ ਨੂੰ ਜਾਣੂ ਕਰਵਾਇਆ ਜਾਏਗਾ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਕਾਰਨ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਮਾਨ ਦਲ ਵਲੋਂ ਲੜਨ ਦੇ ਸੰਕੇਤ ਦਿੱਤੇ ਗਏ ਹਨ। ਪਾਰਟੀ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਕਿ 21 ਸਤੰਬਰ ਨੂੰ ਗੁਰਦਾਸਪੁਰ ਵਿਖੇ ਪਾਰਟੀ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾਣਗੇ। ਸ. ਮਾਨ ਨੇ ਕਿਹਾ ਕਿ ਜਦੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕੀਤੇ ਜਾਣਗੇ, ਤਾਂ ਦਾਸ (ਸ. ਮਾਨ) ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿ਼ਪ ਮਾਝੇ ਦੇ ਇਲਾਕੇ ਦੇ ਪਾਰਟੀ ਨਾਲ ਸੰਬੰਧਤ ਸਮੁੱਚੇ ਆਗੂ ਹਾਜ਼ਰ ਹੋਣਗੇ। ਇਸ ਮੌਕੇ ‘ਤੇ ਵਰਕਰਾਂ ਤੇ ਸਮਰਥਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।