ਕੈਨੇਡਾ, ਟਰਾਂਟੋ (8 ਫਰਵਰੀ, 2015): ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਬੈਂਕੁਅਟ ਹਾਲ ‘ਚ ਕਰਵਾਈ ਵਿਸ਼ਵ ਸਿੱਖ ਕਾਨਫਰੰਸ ਮੌਕੇ ਸਿੱਖ ਵਿਦਵਾਨ ਪ੍ਰਭਸ਼ਰਨਬੀਰ ਸਿੰਘ ਅਤੇ ਕਸ਼ਮੀਰੀ ਆਗੂ ਡਾ. ਇਕਤਦਾਰ ਕਰਾਮਤ ਚੀਮਾ ਨੇ ਹਾਜ਼ਰ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਕਾਨਫਰੰਸ ਵਿੱਚ ਭਾਰਤ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਵਿਸ਼ੇ ‘ਤੇ ਲੈਕਚਰ ਦੇਣ ਲਈ ਆਉਣਾ ਸੀ, ਪਰ ੳਹ ਨਹੀ ਆਏ।

ਕਾਨਫਰੰਸ ਨੂੰ ਸੰਬੋਧਨ ਕਰਦਿਆਂਵੈਨਕੂਵਰ ਤੋਂ ਸਿੱਖ ਵਿਦਵਾਨ ਪ੍ਰਭਸ਼ਰਨਬੀਰ ਸਿੰਘ ਨੇ ਕਿਹਾ ਕਿ ਹੁਣ ਤੱਕ ਹੋਏ ਸਾਰੇ ‘ਸਰਬੱਤ ਖਾਲਸਾ’ ਸਮਾਗਮਾਂ ਨੇ ਸਿੱਖਾਂ ਵਿੱਚ ਨਵੀਂ ਰੂਹ ਫੂਕੀ ਹੈ। ਅੌਖਾ ਸਮਾਂ ਯਕੀਨੀ ਤੌਰ ਉਤੇ ਕੁਝ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂੁਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿੱਖ ਕੌਮ ਦੇ ਇਤਿਹਾਸ ਦੀਆਂ ਬੇਹੱਦ ਦੁਖਦਾਈ ਘਟਨਾਵਾਂ ਹਨ, ਜਿਨ੍ਹਾਂ ਖ਼ਿਲਾਫ਼ ਉਠੇ ਲੋਕ ਰੋਹ ਦਾ ਹੌਲੀ ਹੌਲੀ ਮੱਠਾ ਪੈ ਜਾਣਾ ‘ਜਥੇਬੰਦਕ ਢਾਂਚੇ’ ਦੀ ਅਣਹੋਂਦ ਕਹੀ ਜਾ ਸਕਦੀ ਹੈ।
ਇਸ ਸਮਾਗਮ ਦੌਰਾਨ ਸਿੱਖ ਕੌਮ ਦੇ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਸਨਮਾਨ ਕੀਤਾ ਗਿਆ ਅਤੇ 11 ਮਤੇ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ।
ਡਾ. ਇਕਤਦਾਰ ਕਰਾਮਤ ਚੀਮਾ (ਇੰਗਲੈਂਡ) ਹੁਰਾਂ ਕਿਹਾ ਕਿ ਸਿੱਖਾਂ ਲਈ ਵੱਖਰੇ ਰਾਜ ਦੀ ਨੀਂਹ ਗੁਰੂ ਨਾਨਕ ਦੇਵ ਜੀ ਹੀ ਰੱਖ ਗਏ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਮੰਗਣ ਵਾਲੇ ਨਹੀਂ ਸਗੋਂ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਅਤਿਵਾਦੀ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਇਕ ਪਾਰਟੀ ਸਿੱਖਾਂ ਨੂੰ ਮਾਰਨ ਅਤੇ ਦੂਜੀ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਉਤੇ ਤੁਲੀ ਹੋਈ ਹੈ। ਜਦੋਂ ਕਿ ‘ਚਿੱਟੀ ਟੋਪੀ’ ਵਾਲਿਆਂ ਕੋਲ ਕੋਈ ਨਜ਼ਰੀਆ ਹੀ ਨਹੀਂ। ਇਸ ਸਮਾਗਮ ’ਚ ਕੋਈ ਸਥਾਨਕ ਸਿਆਸਦਾਨ ਨਜ਼ਰ ਨਹੀਂ ਆਇਆ। ਇਸ ਮੌਕੇ ਹੋਰਨਾਂ ਦੇ ਨਾਲ ਭਾਈ ਅਮਰਜੀਤ ਸਿੰਘ ਮਾਨ, ਦਲਜੀਤ ਸਿੰਘ ਸੇਖੋਂ, ਜਗਤਰਨ ਸਿੰਘ ਸੇਖੋਂ, ਜਸਬੀਰ ਸਿੰਘ ਤੇ ਕਥਾਵਾਚਕ ਜਸਵਿੰਦਰ ਸਿੰਘ ਦਰਦੀ ਵੀ ਮੌਜੂਦ ਸਨ।