ਟੋਰਾਂਟੋ (13 ਜੂਨ 2014): ਅੰਮ੍ਰਿਤਧਾਰੀ ਗਰਸਿੱਖ ਨੌਜਵਾਨ ਜਗਮੀਤ ਸਿੰਘ ਨੇ ਕਨੇਡਾ ਦੇ ਉਂਟਾਰੀਓ ਸੂਬੇ ਵਿੱਚ ਹੋਈਆਂ ਚੋਣਾਂ ਵਿੱਚੋਂ ਦੂਜੀ ਵਾਰ ਜਿੱਤ ਪ੍ਰਾਪਤ ਕਰ ਲਈ ਹੈ।
ਕੈਨੇਡਾ ਦੇ ਆਬਾਦੀ ਪੱਖੋਂ ਸਭ ਤੋਂ ਵੱਡੇ ਅਤੇ ਪੰਜਾਬੀਆਂ ਦੇ ਚਹੇਤੇ ਪ੍ਰਾਂਤ ਉਂਟਾਰੀਓ ਵਿਚ ਵਿਧਾਨ ਸਭਾ ਦੀ ਹੋਈ ਮੱਧਕਾਲੀ ਚੋਣ ਵਿਚ ਲਿਬਰਲ ਪਾਰਟੀ ਦੀ ਲਗਾਤਾਰ ਚੌਥੀ ਵਾਰ ਜਿੱਤ ਹੋਈ ਹੈ ।
ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਹਲਕੇ ਬਰੈਮਲੀ-ਗੋਰ-ਮਾਲਟਨ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਦੇ ਡਾ: ਕੁਲਦੀਪ ਕੁਲਾਰ ਨੂੰ ਲਗਭਗ 4700 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਅਤੇ ਦੂਸਰੀ ਵਾਰ ਇਹ ਸੀਟ ਜਿੱਤ ਲਈ ।
ਐਨ.ਡੀ.ਪੀ ਦੇ ਜਗਮੀਤ ਸਿੰਘ ਨੇ ਹੁਣੇ ਹੀ ਹੋਈਆਂ ਚੋਣਾਂ ਵਿੱਚ 43.6 ਪ੍ਰਤੀਸ਼ਤ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੇ ਨੇੜਲੇ ਵਿਰੋਧੀ,ਸਾਬਕਾ ਐੱਮ. ਐੱਮ. ਪੀ ਕੁਲਦੀਪ ਕੁਲਾਰ ਜਿਹੜੇ 2011 ਵਿੱਚ ਉਨ੍ਹਾਂ ਤੋਂ ਹਾਰ ਗਏ ਸਨ,ਨੇ 33.8 ਪ੍ਰਤੀਸ਼ਤ ਵੋਟ ਹਾਸਲ ਕੀਤੀ।ਪੀ.ਸੀ ਦੇ ਹਰਜੀਤ ਜਸਵਾਲ ਨੂੰ 17.9 ਪ੍ਰਤੀਸ਼ਤ ਵੋਟਾਂ ਪਈਆਂ।
ਜ਼ਿਕਰਯੋਗ ਹੈ ਕਿ ਸ੍ਰ. ਜਗਮੀਤ ਸਿੰਘ ਨੇ ਸਿੱਖ ਮੁੱਦਿਆਂ ਨੂੰ ਸੰਸਾਰ ਭਰ ਵਿੱਚ ਉਭਾਰਿਆ।ਭਾਰਤ ਵਿੱਚ ਸਿੱਖਾਂ ਦੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਬਾਰੇ ਵੀ ਉਨ੍ਹਾਂ ਨੇ ਆਵਾਜ਼ ਉਠਾਈ,ਇਸੇ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।ਪਿਛਲੇ ਸਾਲ ਅੰਮ੍ਰਿਤਸਰ ਦੀ ਇੱਕ ਸਿੱਖ ਸੰਸਥਾ ਨੇ ਉਨ੍ਹਾਂ ਨੂੰ “ਦੀ ਸਿੱਖ ਆਫ ਦੀ ਈਅਰ” ਐਵਾਰਡ ਨਾਲ ਸਨਮਾਨਿਤ ਕਰਨ ਲਈ ਸੱਦਾ ਭੇਜਿਆ, ਪਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।