ਅੰਮ੍ਰਿਤਸਰ: ਅਮਰੀਕਾ ਦੀ ਕਾਂਗਰਸ ਵਿਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਸਿੱਖਾਂ ਦੇ ਕੌਮੀ ਤਿਉਹਾਰ ‘ਵਿਸਾਖੀ’ ਨੂੰ ਮਾਨਤਾ ਦੇਣ ਲਈ ਦਲ ਖ਼ਾਲਸਾ ਨੇ ਅਮਰੀਕੀ ਕਾਂਗਰਸ ਦਾ ਧੰਨਵਾਦ ਕਰਦਿਆਂ ਇਸ ਹਾਂ-ਪੱਖੀ ਕਾਰਜ ਲਈ ਅਮਰੀਕਾ ਵਿਚ ਵਸਦੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ।
ਏਸੇ ਤਰਾਂ ਜਥੇਬੰਦੀ ਨੇ ਬੀਤੇ ਦਿਨ ਕੈਨੇਡਾ ਦੀ ਸਟੇਟ ਓਂਟਾਰੀਓ ਦੀ ਅਸੈਂਬਲੀ ਵਲੋਂ ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਹੋਰ ਥਾਵਾਂ ‘ਤੇ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣ ਦੇ ਫੈਸਲੇ ਨੂੰ ਇਕ ਮਹੱਤਵਪੂਰਨ ਕਦਮ ਦੱਸਿਆ ਹੈ।

ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਅੱਜ ਜਦੋਂ ਅਮਰੀਕਾ ਵਿਚ ਸਿੱਖਾਂ ਉੱਤੇ ਨਸਲੀ ਹਮਲੇ ਵੱਧ ਰਹੇ ਹਨ ਤਾਂ ਅਜਿਹੇ ਮੌਕੇ ਇਹ ਫੈਸਲਾ ਵੱਖਰੀ ਸਿੱਖ ਪਛਾਣ ਨੂੰ ਪੁਖਤਾ ਕਰਨ ਅਤੇ ਅਮਰੀਕਾ ਵਿਚ ਵਸਦੀਆਂ ਹੋਰਨਾਂ ਕੌਮਾਂ ਅਤੇ ਨਸਲਾਂ ਅੰਦਰ ਸਿੱਖ ਪਛਾਣ ਨੂੰ ਉਜਾਗਰ ਕਰਨ ਵਿੱਚ ਸਹਾਈ ਹੋਵੇਗਾ।
ਸਬੰਧਤ ਖ਼ਬਰ:
ਅਮਰੀਕੀ ਕਾਂਗਰਸ ਦੇ ਇਜਲਾਸ ‘ਚ ਵਿਸਾਖੀ ‘ਸਿੱਖ ਨੈਸ਼ਨਲ ਡੇਅ’ ਵਜੋਂ ਮਨਾਉਣ ਦੀ ਪ੍ਰਵਾਨਗੀ …
ਉਹਨਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਜਿਸ ਤਰ੍ਹਾਂ 100 ਤੋਂ ਵੱਧ ਗੁਰਦੁਆਰਾ ਸਾਹਿਬ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਸਿੱਖ ਕਾਕਸ ਨੇ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਉਹਨਾਂ ਇਸ ਕਾਰਜ ਲਈ ਡਾ. ਪ੍ਰਿਤਪਾਲ ਸਿੰਘ, ਜੁਗਰਾਜ ਸਿੰਘ, ਹਿੰਮਤ ਸਿੰਘ, ਡਾ ਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਹੋਰ ਪਤਵੰਤੇ ਸਜੱਣਾਂ ਦਾ ਧੰਨਵਾਦ ਕੀਤਾ। ਉਹਨਾਂ ਅਮਰੀਕਾ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਵਿਸਾਖੀ ਨੂੰ ਅਮਰੀਕਾ ਅੰਦਰ ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰਾਉਣ ਲਈ ਜੋ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਪਰੇਡ ਹੋ ਰਹੀ ਹੈ ਉਸ ਵਿਚ ਸਾਰੇ ਹੀ ਵੱਧ ਚੜ ਕੇ ਹਿੱਸਾ ਲੈਣ।

ਪਾਰਟੀ ਆਗੂ ਜਥੇ. ਬਲਦੇਵ ਸਿੰਘ ਸਿਰਸਾ ਅਤੇ ਜਸਬੀਰ ਸਿੰਘ ਖਡੂਰ ਨੇ ਕਿਹਾ ਕਿ ਅੱਜ ਜਦੋਂ ਭਾਰਤ ਵਿਚ ਸਿੱਖਾਂ ਦੀ ਇਕ ਵੱਖਰੀ ਕੌਮ ਵਜੋਂ ਪਛਾਣ ਨੂੰ ਜਜ਼ਬ ਕਰਨ ਅਤੇ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਵਿਸ਼ਵ ਪੱਧਰ ‘ਤੇ ਅਜਿਹੇ ਫੈਸਲੇ ਆਉਣੇ ਸਿੱਖੀ ਦੀ ਨਿਆਰੀ ਤੇ ਅੱਡਰੀ ਪਛਾਣ ਲਈ ਸ਼ੁੱਭ ਸੰਕੇਤ ਹਨ। ਉਹਨਾਂ ਨੇ ਆਸ ਜਤਾਈ ਕਿ ਹੋਰਨਾਂ ਦੇਸ਼ਾਂ ਵਿਚ ਵੀ ਸਿੱਖ ਸੰਸਥਾਵਾਂ ਇਸੇ ਤਰ੍ਹਾਂ ਇਕਜੁੱਟਤਾ ਨਾਲ ਉੱਥੋਂ ਦੀਆਂ ਸਰਕਾਰਾਂ ਤਕ ਪਹੁੰਚ ਕਰਕੇ ਆਪਣੀਆਂ ਕੌਮੀ ਪਛਾਣ ਨਾਲ ਜੁੜੇ ਮੁਦਿਆਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੀਆਂ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਜਦੋਂ ਭਾਰਤੀ ਸਟੇਟ ਅਤੇ ਮੀਡੀਆ ਨਵੰਬਰ 84 ਦੇ ਕਤਲੇਆਮ ਨੂੰ ਇਕ ਦੰਗੇ ਵਜੋਂ ਪੇਸ਼ ਕਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ ਅਜਿਹੇ ਸਮੇਂ ਅੰਤਰਰਾਸ਼ਟਰੀ ਪੱਧਰ ‘ਤੇ ਇਸ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮੰਨਿਆ ਜਾਣਾ, ਇਨਸਾਫ ਅਤੇ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ ਨੂੰ ਨੈਤਿਕਤਾ ਦੇ ਪੱਧਰ ‘ਤੇ ਬੱਲ ਬਖਸ਼ੇਗਾ। ਆਗੂਆਂ ਨੇ ਇਸ ਮਤੇ ਨੂੰ ਓਂਟਾਰੀਓ ਅਸੈਂਬਲੀ ਵਿਚ ਲਿਆਉਣ ਵਾਲੇ ਮੈਂਬਰਾਂ ਖਾਸਕਰ ਹਰਿੰਦਰ ਕੌਰ ਮੱਲੀ ਅਤੇ ਜਗਮੀਤ ਸਿੰਘ ਦਾ ਧੰਨਵਾਦ ਕੀਤਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Dal Khalsa Welcomes Passing of Sikh Genocide 1984 Motion in Ontario Parliament …