ਮਿਸੀਸਾਗਾ ( 6 ਅਪ੍ਰੈਲ ,2015): ਫਿਲ਼ਮ “ਨਾਨਕ ਸ਼ਾਹ ਫਕੀਰ” ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਨੂੰ ਮਨੁੱਖੀ ਜਾਮੇ ਵਿੱਚ ਦਿਖਾ ਕੇ ਸਿੱਖ ਪੰਥ ਦੇ ਮੂਲ ਸਿਧਾਂਤਾਂ ਉਤੇ ਡਾਢੀ ਸੱਟ ਮਾਰੀ ਹੈ ਅਤੇ ਸਿੱਖ ਸਿਧਾਤਾਂ ਦੀ ਪਵਿੱਤਰਾ ਨਾਲ ਖਿਲਵਾੜ ਕੀਤਾ ਹੈ।
ਇਸ ਸਬੰਧੀ ਅੱਜ ਖੁੱਲੀ ਜਨਤਕ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਸਿੱਖ ਸੰਸਥਾਵਾਂ ਨੇ ਫੈਸਲਾ ਕੀਤਾ ਹੈ ਕਿ ਉਨਟਾਰੀਓ ਵਿੱਚ ਫਿਲਮ “ਨਾਨਾਕ ਸ਼ਾਹ ਫਕੀਰ” ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ, ਉਨਟਾਰੀਓ ਗੁਰਦਵਾਰਾਜ਼ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਤੋਂ ਇਲਾਵਾ ਕਾਫੀ ਲੋਕ ਸੰਗਤ ਚੋਂ ਸ਼ਾਮਲ ਹੋਏ।

ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗੁਰੂ ਸਾਹਿਬਾਨਾਂ ਦੇ ਕਿਰਦਾਰ ਨੂੰ ਕੋਈ ਵਿਅਕਤੀ ਨਹੀਂ ਨਿਭਾ ਸਕਦਾ। ਭਾਵੇਂ ਇਹ ਪੇਸ਼ਕਾਰੀ ਮਨੁੱਖੀ ਪਾਤਰ ਰਾਹੀਂ ਕੀਤੀ ਗਈ ਹੋਵੇ ਤੇ ਚਾਹੇ ਇਸ ਮਨੋਰਥ ਲਈ ਕਾਰਟੂਨ/ ਐਨੀਮੇਸ਼ਨ/ ਤਸਵੀਰ ਜਾਂ ਕਿਸੇ ਹੋਰ ਵਿਧੀ ਜਾਂ ਢੰਗ ਤਰੀਕੇ ਦੀ ਵਰਤੋਂ ਕੀਤੀ ਗਈ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਜਿਹੇ ਕਿਸੇ ਵੀ ਤਰੀਕੇ ਨਾਲ ਗੁਰੂ ਸਾਹਿਬ ਦਾ ਪਾਤਰ ਤਾਂ ਦਿਖਾਇਆ ਹੀ ਜਾ ਰਿਹਾ ਹੈ।
ਇਸ ਰੂਝਾਨ ਨੂੰ ਰੋਕਣ ਲਈ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ, ਉਨਟਾਰੀਓ ਗੁਰਦਵਾਰਾਜ਼ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਨੇ ਅੱਜ ਈਮੇਲਾਂ ਰਾਹੀਂ ਉਨਟਾਰੀਓ ਫਿਲਮ ਰੀਵਿਊ ਬੋਰਡ, ਸਾਰੇ ਥੀਏਟਰ, ਪੀਲ ਪੁਲੀਸ ਅਤੇ ਇਸ ਫਿਲਮ ਦੇ ਡਿਸਟੀਬਿਊਟਰ ਨੂੰ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪੱਤਰ ਲਿਖਕੇ ਇਸ ਫਿਲਮ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਣ ਦੀ ਬੇਨਤੀ ਕੀਤੀ ਹੈ।
ਅਜਿਹਾ ਫੈਸਲਾ, ਮਾਂਟਰੀਅਲ, ਸਰੀ ਬੀ ਸੀ ਤੋਂ ਇਲਾਵਾ ਨਿਊਯਾਰਕ, ਕੈਲੀਫੋਰਨੀਆਂ ਅਤੇ ਇੰਗਲੈਂਡ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ।
ਸਿੱਖ ਨੁਕਤਾ ਨਜ਼ਰ ਤੋਂ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਦਾ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ, ਦੋਵੇਂ ਢੰਗਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ।