ਚੰਡੀਗੜ੍ਹ: ਆਰਥਿਕ ਤੰਗੀ ਕਾਰਨ ਦੋ ਕਿਸਾਨ ਮੌਤ ਦੇ ਮੂੰਹ ਜਾ ਪਏ। ਹੰਢਿਆਇਆ ਵਾਸੀ ਨੌਜਵਾਨ ਕਿਸਾਨ ਮਨਦੀਪ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਅਤੇ ਸਮਾਣਾ ਨੇੜੇ ਫਤਿਹਪੁਰ ਵਾਸੀ ਕਿਸਾਨ ਪ੍ਰਕਾਸ਼ ਚੰਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਹੰਢਿਆਇਆ ਨੇੜੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਇੱਕ ਕਿਸਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਹੰਢਿਆਇਆ ਪੁਲੀਸ ਚੌਕੀ ਦੇ ਮੁਖੀ ਏਐੱਸਆਈ ਟੇਕ ਚੰਦ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਹੈ। ਮਿ੍ਤਕ ਦੇ ਰਿਸ਼ਤੇਦਾਰ ਮੱਖਣ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ (22) ਖੇਤੀਬਾੜੀ ਕਰਦਾ ਸੀ, ਕੋਲ ਤਿੰਨ ਏਕੜ ਜ਼ਮੀਨ ਸੀ।
ਸਮਾਣਾ ਨੇੜੇ ਨਜ਼ਦੀਕੀ ਪਿੰਡ ਫਤਿਹਪੁਰ ਵਿੱਚ ਸ਼ੁੱਕਰਵਾਰ ਸਵੇਰੇ ਕਣਕ ਦੀ ਫਸਲ ਕੱਟਣ ਗਏ ਕਿਸਾਨ ਨੂੰ ਝਾੜ ਘੱਟ ਦੇਖ ਕੇ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਵਿੱਚ ਮ੍ਰਿਤਕ ਪ੍ਰਕਾਸ਼ ਚੰਦ (45) ਪੁੱਤਰ ਗੁਰਦਿਆਲ ਰਾਮ ਵਾਸੀ ਪਿੰਡ ਫਤਿਹਪੁਰ ਦਾ ਪੋਸਟਮਾਰਟਮ ਕਰਵਾਉਣ ਆਏ ਉਸਦੇ ਭਾਈ ਗੁਰਮੇਲ ਰਾਮ ਅਤੇ ਉਸਦੇ ਪੁੱਤਰ ਜਗਸੀਰ ਨੇ ਦੱਸਿਆ ਕਿ ਉਨ੍ਹਾਂ ਕੋਲ ਡੇਢ ਏਕੜ ਦੇ ਕਰੀਬ ਜ਼ਮੀਨ ਹੈ।