ਚੰਡੀਗੜ੍ਹ: ਹਰਿਆਣੇ ਦੇ ਜਾਟਾਂ ਵੱਲੋਂ ਰਾਖਵਾਂਕਰਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਵਿੱਚ ਭਾਵੇਂ ਕਿ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ, ਜਿਸ ਬਾਰੇ ਵੱਡੀ ਚਰਚਾ ਹੋ ਰਹੀ ਹੈ ਪਰ ਅੰਦੋਲਨ ਦੀ ਆੜ ਹੇਠ ਲੁੱਟੀਆਂ ਗਈਆਂ ਇੱਜਤਾਂ ਬਾਰੇ ਬਹੁਤੀਆਂ ਜੁਬਾਨਾਂ ਖਾਮੋਸ਼ ਹੀ ਹਨ। ਅੱਜ ਦੀ ਪੰਜਾਬੀ ਟ੍ਰਿਬਿਊਨ ਅਖਬਾਰ ਵੱਲੋਂ ਛਾਪੀ ਗਈ ਰਿਪੋਰਟ “ਜਿੰਦਗੀ ਨੇ ਮੁੱਖ ਮੋੜਿਆ ਪੱਲੇ ਪੈ ਗਏ ਹੰਝੂ ਤੇ ਹਉਕੇ” ਨੂੰ ਪੜ੍ਹ ਕੇ ਹਰ ਗੈਰਤਮੰਦ ਇਨਸਾਨ ਝੰਜੋੜਿਆ ਜਾਵੇਗਾ।

ਟ੍ਰਿਬਿਊਨ ਦੇ ਪੱਤਰਕਾਰਾਂ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸੋਨੀਪਤ ਨੇੜੇ ਚੰਡੀਗੜ੍ਹ-ਦਿੱਲੀ ਜੀਟੀ ਰੋੜ ਤੇ ਪੈਂਦੇ ਸੁਖਦੇਵ-ਅਮਰੀਕ ਢਾਬੇ ਕੋਲ ਸੜਕ ਰੋਕੀ ਬੈਠੇ ਦਰਿੰਦਿਆਂ ਨੇ ਅੰਦੋਲਨ ਦੀ ਆੜ ਹੇਠ ਗੱਡੀਆਂ ਨੂੰ ਅੱਗ ਲਗਾ ਦਿੱਤੀ ਤੇ ਗੱਡੀਆਂ ਵਿੱਚ ਸਵਾਰ ਮਰਦਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਤੇ ਦਸ ਦੇ ਕਰੀਬ ਔਰਤਾਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ।ਵਹਿਸ਼ੀ ਦਰਿੰਦਿਆਂ ਨੇ ਇੱਜਤਾਂ ਲੁੱਟਣ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਨਗਨ ਅਵਸਥਾ ਵਿੱਚ ਛੱਡ ਦਿੱਤਾ ਤੇ ਸਿਆਲ ਦੀ ਇਸ ਰੁੱਤ ਵਿੱਚ ਕਰੀਬ 2 ਘੰਟੇ ਇਹ ਔਰਤਾਂ ਇਸੇ ਅਵਸਥਾ ਵਿੱਚ ਰਹਿਣ ਲਈ ਮਜਬੂਰ ਹੋਈਆਂ।
ਭਾਵੇਂ ਕਿ ਪੁਲਿਸ ਨਾਂ ਦੀ ਹਰਿਆਣੇ ਵਿੱਚੋਂ ਬੀਤੀ ਦਿਨਾਂ ਦੌਰਾਨ ਹਰ ਚੀਜ ਨਦਾਰਦ ਰਹੀ ਪਰ ਇਸ ਘਿਨੌਣੀ ਘਟਨਾ ਤੋਂ ਬਾਅਦ ਵੀ ਨਪੁੰਸਕ ਬਣੀ ਪੁਲਿਸ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਬਲਕਿ ਕਈ ਲੋਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 2 ਆਈਪੀਐਸ ਅਤੇ 1 ਆਈਏਐਸ ਅਧਿਕਾਰੀ ਨੇ ਉਲਟਾ ਪਰਿਵਾਰਾਂ ਤੇ ਗੱਲ ਦਬਾਉਣ ਦਾ ਜੋਰ ਪਾਇਆ।ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਟਨਾ ਸਬੰਧੀ ਕੋਈ ਚਸ਼ਮਦੀਦ ਗਵਾਹ ਡਰ ਕਾਰਨ ਗਵਾਹੀ ਦੇਣ ਅੱਗੇ ਨਹੀਂ ਆ ਰਿਹਾ।
ਪੱਤਰਕਾਰਾਂ ਵੱਲੋਂ ਜਦੋਂ ਇਸ ਘਟਨਾ ਸਬੰਧੀ ਸੀਨੀਅਰ ਆਈਏਐਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਸਾਰੀਆਂ ਅਫਵਾਹਾਂ ਹਨ ਤੇ ਇਨ੍ਹਾਂ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ।
ਜਦੋਂ ਇਸ ਘਟਨਾ ਬਾਰੇ ਨੇੜਲੇ ਪਿੰਡਾਂ ਹਸਨਪੁਰ ਅਤੇ ਕੁਰਾਦ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਔਰਤਾਂ ਨੂੰ ਲੱਭਿਆ।ਹਰਿਆਣਾ ਵਿੱਚ ਸਥਿਤੀ ਇਹ ਹੈ ਕਿ ਲੋਕਲ ਲੋਕ ਵੀ ਸਹਿਮੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਬਦਮਾਸ਼ਾਂ ਨੂੰ ਸ਼ਹਿ ਦੇ ਰਹੀ ਹੈ।