ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ 2017 ਵਿਧਾਨ ਸਭਾ ਚੋਣਾਂ ਲਈ 69 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਛੱਡ ਕੇ ਸਾਰੇ ਮੰਤਰੀਆਂ ਦੇ ਨਾਂ ਐਲਾਨ ਦਿੱਤੇ ਹਨ। ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ ਬਿਕਰਮ ਸਿੰਘ ਮਜੀਠੀਆ, ਆਦੇਸ਼ਪ੍ਰਤਾਪ ਸਿੰਘ ਕੈਰੋਂ ਅਤੇ ਜਨਮੇਜਾ ਸਿੰਘ ਸੇਖੋਂ ਪਹਿਲੇ ਹਲਕਿਆਂ ਕ੍ਰਮਵਾਰ ਮਜੀਠਾ, ਪੱਟੀ ਤੇ ਮੌੜ ਮੰਡੀ ਤੋਂ ਹੀ ਚੋਣ ਲੜਨਗੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਹੈ। ਉਨ੍ਹਾਂ ਦੀ ਥਾਂ ਭਦੌੜ ਹਲਕੇ ਤੋਂ ਸੰਤ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਇਆ ਹੈ। ਹਾਲ ਹੀ ’ਚ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਆਉਣ ਵਾਲੇ ਦਲਿਤ ਆਗੂ ਕਬੀਰ ਦਾਸ, ਸੇਠ ਸੱਤਪਾਲ ਮੱਲ ਅਤੇ ਈਸ਼ਰ ਸਿੰਘ ਮੇਹਰਬਾਨ ਟਿਕਟਾਂ ਲੈਣ ਵਿੱਚ ਕਾਮਯਾਬ ਰਹੇ ਹਨ।

ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਰੀਬੀ ਮੰਨੇ ਜਾਂਦੇ ਤੇ ਕਈ ਕੰਮਾਂ ’ਚ ‘ਨਾਮਣਾ’ ਖੱਟਣ ਵਾਲੇ ‘ਸੋਈ’ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਰਮਬੰਸ ਸਿੰਘ ਉਰਫ਼ ਬੰਟੀ ਰੋਮਾਣਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਦੀਪ ਸਿੰਘ ਡਿੰਪੀ ਢਿੱਲੋਂ, ਵਰਦੇਵ ਸਿੰਘ ਨੋਨੀ ਮਾਨ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸੁਨਾਮ ਹਲਕੇ ਦੀ ਬਜਾਏ ਲਹਿਰਾਗਾਗਾ ਤੋਂ ਚੋਣ ਲੜਨਗੇ। ਕਈ ਹੋਰ ਉਮੀਦਵਾਰਾਂ ਦੇ ਹਲਕੇ ਵੀ ਬਦਲੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਦਾਅਵਾ ਹੈ ਕਿ ਇਹ ਟਿਕਟਾਂ ਸਰਵੇਖਣ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sukhbir Releases First List of 69 SAD (Badal) Candidates for Punjab Polls 2017 …
ਇਸ ਸੂਚੀ ਮੁਤਾਬਕ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਅਮਰਪਾਲ ਸਿੰਘ ਬੋਨੀ, ਰਾਜਾਸਾਂਸੀ ਤੋਂ ਵੀਰ ਸਿੰਘ ਲੋਪੋਕੇ, ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ, ਅਟਾਰੀ ਤੋਂ ਗੁਲਜ਼ਾਰ ਸਿੰਘ ਰਣੀਕੇ, ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਬਠਿੰਡਾ (ਸ਼ਹਿਰੀ) ਤੋਂ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਮੌੜ ਤੋਂ ਜਨਮੇਜਾ ਸਿੰਘ ਸੇਖੋਂ, ਮਹਿਲ ਕਲਾਂ ਤੋਂ ਅਜੀਤ ਸਿੰਘ ਸ਼ਾਂਤ, ਭਦੌੜ ਤੋਂ ਸੰਤ ਬਲਬੀਰ ਸਿੰਘ ਘੁੰਨਸ, ਬੱਲੂਆਣਾ ਤੋਂ ਪ੍ਰਕਾਸ਼ ਸਿੰਘ ਭੱਟੀ, ਜ਼ੀਰਾ ਤੋਂ ਹਰੀ ਸਿੰਘ ਜ਼ੀਰਾ, ਫਿਰੋਜ਼ਪੁਰ (ਦਿਹਾਤੀ) ਜੋਗਿੰਦਰ ਸਿੰਘ ਜਿੰਦੂ, ਗੁਰੂ ਹਰਸਹਾਏ ਤੋਂ ਵਰਦੇਵ ਸਿੰਘ ਮਾਨ, ਫ਼ਰੀਦਕੋਟ ਤੋਂ ਪਰਮਬੰਸ ਸਿੰਘ ਬੰਟੀ ਰੋਮਾਣਾ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਫਤਹਿਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ, ਕਾਦੀਆਂ ਤੋਂ ਸੇਵਾ ਸਿੰਘ ਸੇਖਵਾਂ, ਬਟਾਲਾ ਤੋਂ ਲਖਬੀਰ ਸਿੰਘ ਲੋਧੀਨੰਗਲ, ਫਤਹਿਗੜ੍ਹ ਚੂੜੀਆਂ ਨਿਰਮਲ ਸਿੰਘ ਕਾਹਲੋਂ, ਡੇਰਾ ਬਾਬਾ ਨਾਨਕ ਤੋਂ ਸੁੱਚਾ ਸਿੰਘ ਲੰਗਾਹ, ਉੜਮੜ ਤੋਂ ਅਰਵਿੰਦਰ ਸਿੰਘ ਰਸੂਲਪੁਰ, ਚੱਬੇਵਾਲ ਤੋਂ ਸੋਹਨ ਸਿੰਘ ਠੰਡਲ, ਗੜ੍ਹਸ਼ੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਫਿਲੌਰ ਤੋਂ ਬਲਦੇਵ ਸਿੰਘ ਖਹਿਰਾ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਸ਼ਾਹਕੋਟ ਤੋਂ ਅਜੀਤ ਸਿੰਘ ਕੋਹਾੜ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਕਰਤਾਰਪੁਰ ਤੋਂ ਸੇਠ ਸੱਤਪਾਲ ਮੱਲ, ਜਲੰਧਰ (ਛਾਉਣੀ) ਤੋਂ ਸਰਬਜੀਤ ਸਿੰਘ ਮੱਕੜ, ਕਪੂਰਥਲਾ ਤੋਂ ਪਰਮਜੀਤ ਸਿੰਘ ਪੰਮਾ ਐਡਵੋਕੇਟ, ਸੁਲਤਾਨਪੁਰ ਲੋਧੀ ਤੋਂ ਡਾ. ਉਪਿੰਦਰਜੀਤ ਕੌਰ, ਖੰਨਾ ਤੋਂ ਰਣਜੀਤ ਸਿੰਘ ਤਲਵੰਡੀ, ਸਾਹਨੇਵਾਲ ਤੋਂ ਸ਼ਰਨਜੀਤ ਸਿੰਘ ਢਿੱਲੋਂ, ਲੁਧਿਆਣਾ (ਪੂਰਬੀ) ਤੋਂ ਰਣਜੀਤ ਸਿੰਘ ਢਿੱਲੋਂ, ਲੁਧਿਆਣਾ (ਦੱਖਣੀ) ਤੋਂ ਹੀਰਾ ਸਿੰਘ ਗਾਬੜੀਆ, ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ, ਸਮਰਾਲਾ ਤੋਂ ਸੰਤਾ ਸਿੰਘ ਉਮੈਦਪੁਰੀ, ਰਾਏਕੋਟ ਤੋਂ ਇੰਦਰਇਕਬਾਲ ਸਿੰਘ ਅਟਵਾਲ, ਆਤਮ ਨਗਰ ਤੋਂ ਗੁਰਮੀਤ ਸਿੰਘ ਕੁਲਾਰ, ਪਾਇਲ ਤੋਂ ਈਸ਼ਰ ਸਿੰਘ ਮੇਹਰਬਾਨ, ਜਗਰਾਉਂ ਤੋਂ ਅਮਰਜੀਤ ਕੌਰ ਸਾਹੋਕੇ, ਸਰਦੂਲਗੜ੍ਹ ਤੋਂ ਦਿਲਰਾਜ ਸਿੰਘ ਭੂੰਦੜ, ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਮੁਕਤਸਰ ਤੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ, ਨਿਹਾਲ ਸਿੰਘ ਵਾਲਾ ਤੋਂ ਐਸ.ਆਰ. ਕਲੇਰ, ਪਟਿਆਲਾ (ਦਿਹਾਤੀ) ਤੋਂ ਸਤਬੀਰ ਸਿੰਘ ਖੱਟੜਾ, ਘਨੌਰ ਤੋਂ ਹਰਪ੍ਰੀਤ ਕੌਰ ਮੁਖਮੈਲਪੁਰ, ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ, ਨਾਭਾ ਤੋਂ ਕਰੀਬ ਦਾਸ, ਰੋਪੜ ਤੋਂ ਡਾ. ਦਲਜੀਤ ਸਿੰਘ ਚੀਮਾ, ਚਮਕੌਰ ਸਾਹਿਬ ਤੋਂ ਜਸਟਿਸ (ਸੇਵਾਮੁਕਤ) ਨਿਰਮਲ ਸਿੰਘ, ਡੇਰਾਬੱਸੀ ਤੋਂ ਐਨ. ਕੇ. ਸ਼ਰਮਾ, ਬੰਗਾ ਤੋਂ ਡਾ. ਸੁਖਵਿੰਦਰ ਸਿੰਘ, ਨਵਾਂ ਸ਼ਹਿਰ ਤੋਂ ਜਰਨੈਲ ਸਿੰਘ ਵਾਹਦ, ਬਲਾਚੌਰ ਤੋਂ ਚੌਧਰੀ ਨੰਦ ਲਾਲ, ਲਹਿਰਾ ਤੋਂ ਪਰਮਿੰਦਰ ਸਿੰਘ ਢੀਂਡਸਾ, ਸੰਗਰੂਰ ਤੋਂ ਪ੍ਰਕਾਸ਼ ਚੰਦ ਗਰਗ, ਅਮਰਗੜ੍ਹ ਤੋਂ ਇਕਬਾਲ ਸਿੰਘ ਝੂੰਦਾ, ਤਰਨ ਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਦਾ ਨਾਂ ਸ਼ਾਮਲ ਹੈ।