ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਨ੍ਹਾਂ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਭਾਗ ਬਦਲਣ ਦੀ ਮੰਗ ਕੀਤੀ। ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਇਲਜ਼ਾਮ ਲਗਾਇਆ ਕਿ ਰਾਣਾ ਗੁਰਜੀਤ ਸਿੰਘ ਜੋ ਕਿ ਰਾਣਾ ਸ਼ੁਗਰ ਲਿਮਟਡ ਦੇ ਸਹਿ ਸੰਸਥਾਪਕ ਹਨ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲੀਮੀਟੇਡ ਨੂੰ ਬਿਜਲੀ ਵੇਚ ਰਹੀ ਹੈ। ਇਸ ਤਰ੍ਹਾਂ ਇਹ ਸਿੱਧੇ ਤੌਰ ‘ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਹੋਣ ਦੇ ਨਾਤੇ ਰਾਣਾ ਪੀਐਸਪੀਸੀਐਲ ਨੂੰ ਕੰਟਰੋਲ ਕਰ ਰਹੇ ਹਨ ਅਤੇ ਉਹ ਹੀ ਉਨ੍ਹਾ ਦੀ ਖੁਦ ਦੀ ਕੰਪਨੀ ਤੋਂ ਬਿਜਲੀ ਖਰੀਦ ਰਹੇ ਹਨ।

ਫੂਲਕਾ ਨੇ ਕਿਹਾ ਕਿ ਰਾਣਾ ਸ਼ੁਗਰ ਲੀਮੀਟੇਡ 34 ਮੈਗਾਵਾਟ ਬਿਜਲੀ ਨਿਰਮਾਣ ਕਰਦੀ ਹੈ। ਜਿਸ ਵਿਚੋਂ 20 ਮੈਗਾਵਾਟ ਵਾਧੂ ਬਿਜਲੀ ਪੀਐਸਪੀਸੀਐਲ ਨੂੰ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਣਾ ਅਤੇ ਉਹਨਾਂ ਦੇ ਪਤਨੀ ਇਸ ਫਰਮ ਵਿਚ ਵੱਡੇ ਹਿੱਸੇ ਦੇ ਮਾਲਕ ਹਨ।
ਫੂਲਕਾ ਨੇ ਮੰਗ ਕੀਤੀ ਕਿ ਇਸ ਕੇਸ ਨੂੰ ਵੇਖਦਿਆਂ ਹੋਇਆ ਫੌਰੀ ਤੌਰ ‘ਤੇ ਰਾਣਾ ਗੁਰਜੀਤ ਦਾ ਵਿਭਾਗ ਬਦਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਯੋਜਨਾ ਸਿਰੇ ਚੜ੍ਹਦੀ ਹੈ ਤਾਂ ਅਜਿਹੇ ਵਿਚ ਪ੍ਰਾਈਵੇਟ ਬਿਜਲੀ ਉਤਪਾਦਕਾਂ ਨੂੰ ਸਿੱਧਾ ਲਾਭ ਹੋਵੇਗਾ। ਜਿਸ ਵਿਚ ਰਾਣਾ ਗੁਰਜੀਤ ਦੀ ਖੁਦ ਦੀ ਕੰਪਨੀ ਸ਼ਾਮਿਲ ਹੋਵੇਗੀ।