ਬਟਾਲਾ: ਪਿਛਲ਼ੇ ਤਿੰਨ ਦਹਾਕਿਆਂ ਦੌਰਾਨ ਜਬਰੀ ਲਾਪਤਾ ਕੀਤੇ, ਫਰਜ਼ੀ ਮੁਕਾਬਲਿਆਂ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਗੋਲੀਆਂ ਨਾਲ ਮਾਰੇ ਗਏ ਸਿੰਘ-ਸਿੰਘਣੀਆਂ ਦੀ ਯਾਦ ਵਿੱਚ 9 ਦਸੰਬਰ ਨੂੰ ਬਟਾਲਾ ਵਿਖੇ ਪੀੜਤ ਪਰਿਵਾਰਾਂ ਅਤੇ ਕਾਰਜਕਰਤਾਵਾਂ ਦੀ ਇੱਕ ਇਕਤਰਤਾ ਸੱਦੀ ਗਈ ਹੈ।
ਇਹ ਇੱਕਤਰਤਾ 68ਵੇਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੀ ਪੂਰਵਸੰਧਿਆ ਮੌਕੇ ਦਲ ਖਾਲਸਾ ਵਲੋਂ ਆਪਣੀ ਸਹਿਯੋਗੀ ਜਥੇਬੰਦੀਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਯੂਥ ਆਫ ਪੰਜਾਬ ਨਾਲ ਸਾਂਝੇ ਤੌਰ ‘ਤੇ ਬੁਲਾਈ ਗਈ ਹੈ। ਇਸ ਇਕਤਰਤਾ ਤੋਂ ਪਹਿਲਾਂ ਨੌਜਵਾਨਾਂ ਵਲੋਂ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਤੋਂ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਤੱਕ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਸ਼ਹੀਦ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਣਗੇ।

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਏਸ ਸਬੰਧੀ ਅੱਜ ਸਥਾਨਕ ਪੀੜਤ ਪਰਿਵਾਰਾਂ ਅਤੇ ਵੱਖ-ਵੱਖ ਵਿਚਾਰਧਾਰਾਵਾਂ ਨਾਲ ਸਬੰਧਤ ਸਮਾਜਿਕ ਅਤੇ ਧਾਰਮਿਕ ਕਾਰਕੁੰਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮਾਗਮ ਦਾ ਮੰਤਵ ਸੁਰੱਖਿਆ ਫੋਰਸਾਂ ਅਤੇ ਪੁਲਿਸ ਵਲੋਂ ਜਬਰੀ ਲਾਪਤਾ ਕੀਤੇ ਗਏ ਬੇਜ਼ੁਬਾਨਾਂ ਦੀ ਜ਼ੁਬਾਨ ਬਨਣਾ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ ਦੀ ਗੁਹਾਰ ਲਾਉਣਾ ਹੈ।
ਉਹਨਾਂ ਕਿਹਾ ਕਿ ਇਹ ਸਮਾਗਮ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਨੂੰ ਬਹਾਲ ਕਰਨ ਅਤੇ ਬੁੱਝ ਰਹੀ ਇਨਸਾਫ ਦੀ ਲੋਅ ਨੂੰ ਜਗਦਾ ਰੱਖਣ ਦਾ ਇੱਕ ਉਪਰਾਲਾ ਹੈ। ਉਹਨਾਂ ਦਸਿਆ ਕਿ ਭਾਰਤ ਅਤੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਵੱਡੇ ਪੱਧਰ ‘ਤੇ ਹੁੰਦਾ ਆ ਰਿਹਾ ਹੈ ਅਤੇ ਬਹੁਤ ਸਾਰੇ ਸੂਬਿਆਂ ਅੰਦਰ ਹਾਲਾਤ ਅੱਜ ਵੀ ਚਿੰਤਾਜਨਕ ਹਨ। ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੀ ਮਨੁੱਖੀ ਅਧਿਕਾਰਾਂ ਪ੍ਰਤੀ ਪਹੁੰਚ ਗੈਰ-ਸੰਜੀਦਾ ਅਤੇ ਅਵੇਸਲੇਪਣ ਵਾਲੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 8 ਦਸੰਬਰ ਦੇ ਪੰਥਕ ਇੱਕਠ ‘ਤੇ ਅਣਐਲਾਨੀ ਪਾਬੰਦੀ ਅਤੇ ਪ੍ਰਬੰਧਕਾਂ ਤੇ ਸਿੱਖ ਕਾਰਜਕਰਤਾਵਾਂ ਦੀ ਫੜੋਫੜੀ ਮਨੁੱਖੀ ਅਧਿਕਾਰਾਂ ਦੀ ਨਿਘੱਰਦੀ ਸਥਿਤੀ ਦੀ ਸਪਸ਼ਟ ਮਿਸਾਲ ਹੈ। ਉਹਨਾਂ ਦਸਿਆ ਕਿ ਪੰਜਾਬ ਅੰਦਰ ਕਾਨੂੰਨ ਦੇ ਰਾਜ ਦੀ ਥਾਂ ਸ਼ਾਸਕਾਂ ਦਾ ਕਾਨੂੰਨ ਕੰਮ ਕਰ ਰਿਹਾ ਹੈ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
“State Resorting to Repressive Measures & Unnecessarily Creating Chaos”: Dal Khalsa …
ਉਹਨਾਂ ਨੇ ਦੱਸਿਆ ਕਿ ਅਣਗਿਣਤ ਪ੍ਰੀਵਾਰ ਪੁਲਿਸ ਤੇ ਫੌਜ ਦੁਆਰਾ ਗੁੰਮ ਕੀਤੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਬਿਰਧ ਹੋ ਗਏ ਹਨ ਅਤੇ ਉਹਨਾਂ ਅੰਦਰ ਇਨਸਾਫ ਦੀ ਉਮੀਦ ਵੀ ਮਰ ਰਹੀ ਹੈ।
ਉਹਨਾਂ ਦਸਿਆ ਕਿ ਇਕਤਰਤਾ ਤੋਂ ਪਹਿਲਾਂ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਫਰਜ਼ੀ ਮੁਕਾਬਲਿਆਂ ਦੀ ਭੇਟ ਚੜ੍ਹੇ ਲੋਕਾਂ ਦੀ ਯਾਦ ਵਿੱਚ ਅਰਦਾਸ ਵੀ ਕੀਤੀ ਜਾਵੇਗੀ। ਇਸ ਮੌਕੇ ਰਣਬੀਰ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਿਰ ਸਨ।