ਅੰਮ੍ਰਿਤਸਰ (1 ਜੂਨ, 2015): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਤੇ 150 ਗੁਰਬਾਣੀ ਦੇ ਗੁਟਕੇ ਸਾਹਿਬ ਅਗਨ ਭੇਟ ਹੋਣ ਵਾਲੀ ਵਾਪਰੀ ਘਟਨਾ ਨੂੰ ਬੇਹੱਦ ਦੁਖਦਾਈ ਘਟਨਾ ਦਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਤਿਕਾਰ ਕਮੇਟੀ ਤੇ ਕੁਝ ਜਥੇਬੰਦੀਆਂ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਖ਼ਿਲਾਫ਼ ਬਿਨਾਂ ਤੱਥ ਜਾਣੇ ਪਰਚਾ ਦਰਜ ਕਰਵਾਉਣਾ ਗਲਤ ਹੈ।

ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਤੱਥਾਂ ਰਹਿਤ ਕੋਈ ਵੀ ਕੰਮ ਠੀਕ ਨਹੀਂ। ਜੇ ਕੋਈ ਸ਼ਰਾਰਤੀ ਅਨਸਰ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹ ਹਰਗਿਜ਼ ਬਖਸ਼ਣ ਯੋਗ ਨਹੀਂ ਪਰ ਜੇ ਕੁਦਰਤੀ ਤੌਰ ’ਤੇ ਕਿਸੇ ਬਿਜਲੀ ਉਪਕਰਣ ਦੀ ਖਰਾਬੀ ਕਾਰਨ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਾਂਚ ਪੜਤਾਲ ਕੀਤੇ ਬਿਨਾਂ ਸਿੱਧੇ ਤੌਰ ’ਤੇ ਜ਼ਿੰਮੇਵਾਰੀ ਪ੍ਰਬੰਧਕਾਂ ’ਤੇ ਲਾਉਣੀ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਸੁੱਚੀ ਪਿੰਡ ਪਹੁੰਚ ਕੇ ਜੋ ਸਥਿਤੀ ਦਾ ਜਾਇਜ਼ਾ ਲਿਆ ਹੈ, ਉਸ ਅਨੁਸਾਰ ਪ੍ਰਬੰਧਕਾਂ ਜਾਂ ਪਿੰਡ ਵਾਸੀਆਂ ਦਾ ਕੋਈ ਸਿੱਧੇ ਤੌਰ ’ਤੇ ਕਸੂਰ ਨਜ਼ਰ ਨਹੀਂ ਆਉਂਦਾ। ਇਸ ਲਈ ਦਰਜ ਪਰਚਾ ਰੱਦ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਅਤਿ ਸੰਵੇਦਨਸ਼ੀਲ ਮਾਮਲੇ ’ਚ ਕੁਝ ਲੋਕ ਸੌੜੀ ਸੋਚ ਰੱਖਦਿਆਂ ਆਪਣੇ ਆਪ ਨੂੰ ਚਮਕਾਉਣ ਖਾਤਰ ਇਸ ਤੋਂ ਅਖ਼ਬਾਰੀ ਸੁਰਖੀਆਂ ਬਟੋਰਨੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰੀ ਘਟਨਾ ਦੀ ਪੜਤਾਲ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਸਕੱਤਰ ਸਿੰਘ ਤੇ ਜਗਜੀਤ ਸਿੰਘ ਮੀਤ ਸਕੱਤਰ ਤੇ ਉਨ੍ਹਾਂ ਨਾਲ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ ’ਤੇ ਅਾਧਾਰਤ ਕਮੇਟੀ ਗਠਿਤ ਕਰ ਦਿੱਤੀ ਗਈ ਹੈ।
ਉਨ੍ਹਾਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਗ੍ਰੰਥੀ ਸਿੰਘਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਗੁਰੂ-ਘਰਾਂ ਚ ਲੱਗੇ ਬਿਜਲੀ ਉਪਕਰਨਾ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।