
ਨਵੀਂ ਦਿੱਲੀ (16 ਦਸੰਬਰ, 2014): ਦਿੱਲੀ ਵਿੱਚ ਨਵੰਬਰ 1984 ਨੂੰ ਹੋਏ ਸਿੱਖ ਕਤਲੇਆਮ ਵਿੱਚ ਬਹੁਗਿਣਤੀ ਨਾਲ ਸਬੰਧਿਤ ਭੀੜ ਵੱਲੋਂ ਸੁਲਤਾਨਪੁਰੀ ਇਲਾਕੇ ਵਿੱਚ ਸੁਰਜੀਤ ਸਿੰਘ ਦੀ ਹੱਤਿਆ ਦੀ ਹੱਤਿਆ ਕਰ ਦਿੱਤੀ ਸੀ। ਸੁਰਜੀਤ ਸਿੰਘ ਦੀ ਹੱਤਿਆ ਸਬੰਧੀ ਕੇਸ ਵਿੱਚ ਸੱਜਣ ਕੁਮਾਰ, ਗੁਪਤਾ, ਪੀਰੂ ਅਤੇ ਵੇਦ ਪ੍ਰਕਾਸ਼ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।
ਸਿੱਖ ਕਤਲੇਆਮ ਦੇ ਇਸ ਕੇਸ ਵਿੱਚ ਮੁਲਜ਼ਮ ਬ੍ਰਹਮਾਨੰਦ ਗੁਪਤਾ ਅਤੇ ਪੀਰੂ ਨੇ ਜ਼ਿਲ੍ਹਾ ਜੱਜ ਤਲਵੰਤ ਸਿੰਘ ਕੋਲ ਇਕ ਅਰਜ਼ੀ ਦਾਖਲ ਕਰਕੇ ਅਧਿਕਾਰ-ਖੇਤਰ ਦੀ ਬਿਨਾ ’ਤੇ ਉਨ੍ਹਾਂ ਦੀ ਅਦਾਲਤ ’ਚੋਂ ਕੇਸ ਤਬਦੀਲ ਕਰਨ ਦੀ ਮੰਗ ਕੀਤੀ ਹੈ। ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਅਤੇ 6 ਜਨਵਰੀ ਤੱਕ ਏਜੰਸੀ ਦਾ ਜਵਾਬ ਮੰਗਿਆ।
ਮੁਲਜ਼ਮਾਂ ਨੇ ਆਪਣੀ ਅਰਜ਼ੀ ਵਿੱਚ ਆਖਿਆ ਕਿ ਉਨ੍ਹਾਂ ਦਾ ਕੇਸ ਜ਼ਿਲ੍ਹੇ ਵਿੱਚ ਤਬਦੀਲ ਕੀਤਾ ਜਾਵੇ ਜਿੱਥੇ ਅਪਰਾਧ ਹੋਇਆ ਸੀ।
ਅਦਾਲਤ ਨੇ ਆਖਿਆ, ‘‘ਮੁਲਜ਼ਮ ਬ੍ਰਹਮਾਨੰਦ ਗੁਪਤਾ ਅਤੇ ਪੀਰੂ ਨੇ ਅਧਿਕਾਰ ਖੇਤਰ ਦੀ ਬਿਨਾ ’ਤੇ ਕੇਸ ਤਬਦੀਲ ਕਰਾਉਣ ਲਈ ਅਰਜ਼ੀ ਦਾਖਲ ਕੀਤੀ ਸੀ। ਸੀਬੀਆਈ ਨੂੰ ਨੋਟਿਸ ਭੇਜਿਆ ਗਿਆ। ਮੁਲਜ਼ਮਾਂ ਦੇ ਵਕੀਲ ਨੂੰ ਜਵਾਬ ਦੀ ਅਗਾਊੂਂ ਕਾਪੀ ਭੇਜੀ ਜਾਵੇ। ਜਵਾਬ ਦਾਖਲ ਕਰਨ ਅਤੇ ਇਸ ’ਤੇ ਜਿਰ੍ਹਾ 6 ਜਨਵਰੀ 2015 ਨੂੰ ਹੋਵੇਗੀ।’’
ਅਦਾਲਤ ਨੇ ਕੇਸ ਸਬੰਧੀ ਸੀਬੀਆਈ ਵੱਲੋਂ ਦਾਖਲ ਕਰਾਇਆ ਪੂਰਕ ਚਲਾਨ ਵੀ ਰਿਕਾਰਡ ’ਤੇ ਲਿਆਂਦਾ ਹੈ। ਸੀਬੀਆਈ ਦੇ ਇਸਤਗਾਸਾ ਡੀ ਪੀ ਸਿੰਘ ਨੇ ਕਿਹਾ ਕਿ ਮੁਲਜ਼ਮ ਇਹ ਅਰਜ਼ੀ ਦਾਖਲ ਕਰਕੇ ਕੇਸ ਦੀ ਕਾਰਵਾਈ ਨੂੰ ਲਮਕਾਉਣਾ ਚਾਹੁੰਦੇ ਹਨ। ਸੀਨੀਅਰ ਐਡਵੋਕੇਟ ਐਚ ਐਸ ਫੂਲਕਾ ਨੇ ਕੇਸ ਵਿੱਚ ਪੀੜਤਾਂ ਦੀ ਤਰਫੋਂ ਪੇਸ਼ ਹੁੰਦਿਆਂ ਕਿਹਾ ਕਿ ਇਹ ਅਰਜ਼ੀ ਮਾਣਹਾਨੀ ਦੇ ਤੁੱਲ ਹੈ।