ਪਟਿਆਲਾ (10 ਮਈ, 2015): ਅੱਜ ਸਿੱਖ ਕੌਮ ਮੁਲਕ ਵਿੱਚ ਘੱਟ ਗਿਣਤੀ ’ਚ ਹੈ ਅਤੇ ਅਕਸਰ ਘੱਟ ਗਿਣਤੀਆਂ ਨੂੰ ਦਬਾ ਲਿਆ ਜਾਂਦਾ ਹੈ।ਅਜਿਹੇ ਵਿੱਚ ਇੱਕ ਸਿੱਖ ਜੋੜੇ ਨੂੰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਉਂਜ ਉਨ੍ਹਾਂ ਇਹ ਵੀ ਆਖਿਆ ਕਿ ਘੱਟੋ ਘੱਟ ਤਿੰਨ ਬੱਚੇ ਤਾਂ ਜ਼ਰੂਰ ਹੋਣ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਇਹ ਸੰਦੇਸ਼ ਪਟਿਆਲਾ ਵਿੱਚ ਇੱਕ ਸਮਾਗਮ ਦੌਰਾਨ ਦਿੱਤਾ।

ਗਿਆਨੀ ਗੁਰਬਚਨ ਸਿੰਘ ਨੇ ਅੱਜ ਮੁੜ ਦੁਹਰਾਉਦਿਆਂ ਕਿਹਾ ਕਿ ਸਿੱਖਾਂ ਨੂੰ ਆਪਣੀ ਆਬਾਦੀ ਵਿੱਚ ਵਾਧਾ ਕਰਨ ਲਈ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਉਹ ਅੱਜ ਇਥੇ ਨਿਹੰਗ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ‘96 ਕਰੋੜੀ’ ਦੇ ਮੁਖੀ ਰਹੇ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਦੇ ਬਰਸੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਆਏ ਸਨ।
ਜ਼ਿਕਰਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਕੁਝ ਸਮਾਂ ਪਹਿਲਾਂ ਵੀ ਸਿੱਖ ਕੌਮ ਨੂੰ ਆਬਾਦੀ ਵਧਾਉਣ ਲਈ ਚਾਰ ਬੱਚੇ ਪੈਦਾ ਕਰਨ ਦਾ ਸੰਦੇਸ਼ ਦੇ ਚੱਕੇ ਸਨ, ਜਿਸ ’ਤੇ ਕਾਫ਼ੀ ਕਿੰਤੂ-ਪਰੰਤੂ ਹੋਇਆ ਸੀ। ਜਥੇਦਾਰ ਨੇ ਸਪਸ਼ਟ ਕੀਤਾ ਕਿ ਉਹ ਅੱਜ ਵੀ ਵੱਧ ਬੱਚੇ ਜੰਮਣ ਦੇ ਦਿੱਤੇ ਸੰਦੇਸ਼ ’ਤੇ ਕਾਇਮ ਹਨ ਤੇ ਕੌਮ ਨੂੰ ਮੁੜ ਸੱਦਾ ਦਿੰਦੇ ਹਨ ਕਿ ਚਾਰ ਬੱਚੇ ਪੈਦਾ ਕੀਤੇ ਜਾਣ।
ਉਨ੍ਹਾਂ ਆਖਿਆ ਕਿ ਬਹੁਤ ਸਾਰੇ ਪੱਖਾਂ ’ਤੇ ਕੌਮ ਨੂੰ ਵੱਡੀ ਲੋੜ ਵੀ ਹੈ ਕਿ ਇਸ ਦੀ ਆਬਾਦੀ ਵਿੱਚ ਪ੍ਰਭਾਵਸ਼ਾਲੀ ਵਾਧਾ ਹੋਵੇਙ ਉਨ੍ਹਾਂ ਆਖਿਆ ਕਿ ਅੱਜ ਸਿੱਖ ਕੌਮ ਮੁਲਕ ਵਿੱਚ ਘੱਟ ਗਿਣਤੀ ’ਚ ਹੈ ਅਤੇ ਅਕਸਰ ਘੱਟ ਗਿਣਤੀਆਂ ਨੂੰ ਦਬਾ ਲਿਆ ਜਾਂਦਾ ਹੈ।
ਪੰਜਾਬ ਵਿੱਚ ਆਰ.ਐਸ.ਐਸ.ਦੀਆਂ ਵੱਧ ਰਹੀਆਂ ਗਤੀਵਿਧੀਆਂ ਦੇ ਪੁੱਛੇ ਸਵਾਲ ’ਤੇ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿੱਖ ਕੌਮ ਹਰ ਪੱਖ ਤੋਂ ਸੁਚੇਤ ਹੈ ਅਤੇ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਡਟੀ ਹੋਈ ਹੈ। ੳੁਨ੍ਹਾਂ ਆਖਿਆ ਕਿ ਸਮੁੱਚੀ ਸਿੱਖ ਸੰਗਤ ਤੇ ਸੰਪਰਦਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਲਿਆਉਣਾ ਮੁੱਖ ਏਜੰਡਾ ਹੈ।
ਇਸ ਮੌਕੇ ਬਾਬਾ ਛਿਆਨਵੇਂ ਕਰੋੜੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਤਰਸੇਮ ਸਿੰਘ ਮਹਿਤਾ ਚੌਕ, ਮੇਜਰ ਸਿੰਘ ਝੰਡੇ ਵਾਲੇ, ਜੋਗਾ ਸਿੰਘ ਕਰਨਾਲ, ਨਿਰਮਲ ਸਿੰਘ ਹਰੀਆਂਵੇਲਾ, ਇੰਦਰਮੋਹਨ ਸਿੰਘ ਬਜਾਜ, ਪ੍ਰੋ. ਬਲਦੇਵ ਸਿੰਘ ਬਲੂਆਣਾ ਤੇ ਹੋਰ ਹਾਜ਼ਰ ਸਨ।