ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਲੋਕਾਂ ਦੀ ਲੁੱਟ ਦੇ ਨੁਕਤੇ ਨੂੰ ਕਿਸਾਨ ਮੋਰਚੇ ਦੌਰਾਨ ਲੋਕਾਂ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਹਰ ਰਾਜਨੀਤਕ ਪਾਰਟੀ ਕਾਰਪੋਰੇਟ ਘਰਾਣਿਆਂ ਵੱਲ ਹੀ ਭੁਗਤਦੀ ਹੈ। ਉਤਪਾਦਾਂ ਦੇ ਭਾਅ ਇਹ ਆਪਣੀ ਮਰਜ਼ੀ ਨਾਲ ਤੈਅ ਕਰਦੇ ਨੇ, ਜਿਸਤੇ ਕੋਈ ਕਾਬੂ ਨਹੀਂ ਹੁੰਦਾ । ਇਸਦੇ ਉਲਟ ਕਿਸਾਨਾਂ ਦੀਆਂ ਉਪਜਾਂ ਅਤੇ ਦੁੱਧ ਆਦਿ ਦੇ ਭਾਅ ਸਰਕਾਰਾਂ ਨੇ ਮੁਕੰਮਲ ਆਪਣੇ ਕਾਬੂ ਚ ਰੱਖੇ ਹਨ । ਕਾਰਪੋਰੇਟ ਘਰਾਣਿਆਂ ਦੀਆਂ ਕਰਜ਼ੇ ਦੀਆਂ ਵੱਡੀਆਂ-ਵੱਡੀਆਂ ਰਕਮਾਂ ਵੀ ਮੁਆਫ਼ ਹੋ ਜਾਂਦੀਆਂ ਹਨ । ਲੋਕਾਂ ਦੀ ਸਿਹਤ, ਵਾਤਾਵਰਨ, ਸਮਾਜ ਆਦਿ ਨਾਲ ਕੀਤੇ ਭਿਅੰਕਰ ਖਿਲਵਾੜ ਤੇ ਵੀ ਇਹਨਾਂ ਨੂੰ ਝੱਟ ਦੁੱਧ ਧੋਤੇ ਕਰਾਰ ਦੇ ਦਿੱਤਾ ਜਾਂਦਾ ਹੈ । ਇਹਨਾਂ ਦੇ ਕਾਰਖਾਨੇ ਸ਼ਰੇਆਮ ਪਾਣੀ ਅਤੇ ਹਵਾ ਚ ਗੰਦ ਘੋਲਦੇ ਹਨ, ਪਰ ਹਰ ਸਰਕਾਰ ਇਹਨਾਂ ਵੱਲੋਂ ਕੀਤੇ ਜਾ ਰਹੇ ਸ਼ਰੇਆਮ ਦਿਖਦੇ ਧੱਕਿਆਂ ਤੇ ਵੀ ਬਿਲਕੁਲ ਓਵੇਂ ਅੱਖਾਂ ਮੀਟਦੀ ਹੈ, ਜਿਵੇਂ ਕਬੂਤਰ ਬਿੱਲੀ ਨੂੰ ਵੇਖ ਮੀਟਦਾ ਹੈ। ਉਲਟਾ ਸੱਤਾ ਦੇ ਸਾਰੇ ਹਿੱਸੇ (ਭਾਵ ਸਰਕਾਰ, ਪ੍ਰਸ਼ਾਸ਼ਨ ਅਤੇ ਨਿਆਂਪਾਲਕਾ) ਇਹਨਾਂ ਦੀ ਕੁਹਾੜੀ ਦੇ ਦਸਤੇ ਬਣਕੇ ਸਮਾਜ ਚ ਰਹਿੰਦੇ ਭੋਲੇ, ਬੇਕਸੂਰ ਲੋਕਾਂ ਦੀਆਂ ਜੜ੍ਹਾਂ ਵੱਢਣ ਲਈ ਪੂਰੇ ਜ਼ੋਰ ਨਾਲ ਚਾਰਾਜੋਈ ਕਰਦੇ ਹਨ।

ਜ਼ੀਰੇ ਨੇੜਲੇ ਪਿੰਡ ਮਨਸੂਰਵਾਲ ਚ ਸ਼ਰਾਬ ਅਤੇ ਖ਼ਤਰਨਾਕ ਰਸਾਇਣਾਂ (ਕੈਮੀਕਲ) ਦੇ ਕਾਰਖਾਨੇ ਮਾਲਬ੍ਰੋਸ ਵੱਲੋਂ ਰਸਾਇਣਾਂ ਵਾਲਾ ਗੰਦਾ ਪਾਣੀ ਅਤੇ ਲਾਹਣ ਧਰਤੀ ਹੇਠਾਂ ਪਾਉਣ ਕਰਕੇ ਧਰਤੀ ਹੇਠਲਾ ਪਾਣੀ ਗੰਦਾ ਹੋਇਆ। ਧਰਤੀ ਹੇਠਲੇ ਪਾਣੀ ਕਿਸ ਹੱਦ ਤੱਕ ਗੰਦਾ ਹੋਇਆ, ਇਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਹੈ ਕਿ ਕਾਰਖਾਨੇ ਲਾਗਲੀਆਂ ਬੰਬੀਆਂ (ਟਿਊਬਵੈੱਲ) ਤੋਂ ਕਾਲੇ ਤੇਲ ਵਰਗਾ ਪਾਣੀ ਨਿਕਲਣ ਲੱਗਾ। ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਭਗਤ ਦੁਨੀ ਚੰਦ ਚ ਕੀਤੇ ਬੋਰ ਚੋਂ ਸ਼ਰਾਬ ਨਿਕਲੀ। ਜੁਲਾਈ ੨੦੨੨ ਤੋਂ ਇਲਾਕਾ ਨਿਵਾਸੀ ਲੋਕ ਕਾਰਖਾਨੇ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਕਾਰਖਾਨੇ ਦੇ ਬੂਹੇ ਅੱਗੇ ਧਰਨਾ ਲਾਈ ਬੈਠੇ ਹਨ। ਪੂਰੇ ਪੰਜਾਬ ਚੋਂ ਇਸ ਮੋਰਚੇ ਨੂੰ ਵੱਡਾ ਸਮਰਥਨ ਵੀ ਮਿਲ ਰਿਹਾ ਹੈ।

