ਅੰਮ੍ਰਿਤਸਰ: ਅੱਜ ਇੱਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਤੋਂ ਬਾਅਦ ਜੱਥੇਬੰਦੀ ਦੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਕਾਨੂੰਨੀ ਸਲਾਹਕਾਰ ਜਗਦੀਪ ਸਿੰਘ ਰੰਧਾਵਾ, ਬਾਬਾ ਸੇਵਾ ਸਿੰਘ, ਬਲਕਾਰ ਸਿੰਘ, ਨਿਰਵੈਰ ਸਿੰਘ, ਕਾਬਲ ਸਿੰਘ ਨੇ ਸਾਂਝੇ ਪ੍ਰੈਸ ਬਿਆਨ ਰਾਂਹੀ ਕਿਹਾ ਕਿ ਗੁਰਾਂ ਦਾ ਪੰਜਾਬ ਕੁੱਲ ਨਾਸ਼ ਦੇ ਯੋਜਨਾਕਾਰਾਂ ਦੀਆਂ ਤਸਵੀਰਾਂ ਬਰਦਾਸ਼ਤ ਕਰਨ ਨੂੰ ਤਿਆਰ ਨਹੀ ਅਤੇ ਚਾਹੁੰਦਾ ਹੈ ਕਿ ਇੰਦਰਾ, ਰਾਜੀਵ, ਬੇਅੰਤ ਸਿੰਘ, ਨਰਸਿਮਾ ਰਾਓ, ਅਡਵਾਨੀ, ਭਾਜਪਾਈ, ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦੀਆਂ ਤਸਵੀਰਾਂ ਪੰਜਾਬ ਦੀ ਧਰਤੀ ਤੋਂ ਹਟਾਈਆਂ ਜਾਣ।
ਉਨ੍ਹਾਂ ਕਿਹਾ ਕਿ ਜੇਕਰ ਘਰ ਦੇ ਭੇਤੀ ਬਾਦਲਕੇ ਫੌਜੀ ਹਮਲੇ ਸਮੇਂ ਅਤੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਸਮੇਂ ਦਿੱਲੀ ਅਤੇ ਨਾਗਪੁਰ ਦੇ ਕੁਹਾੜੇ ਦਾ ਦਸਤਾ ਨਾ ਬਣਦੇ ਤਾਂ ਪੰਥ ਅਤੇ ਪੰਜਾਬ ਦੀ ਇੰਨੀ ਬਰਬਾਦੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਹੋਣੀਆਂ ਚਾਹੀਦੀਆਂ ਹਨ ਅਤੇ ਪਾਪੀਆਂ ਦੁਆਰਾ ਕਮਾਏ ਕਹਿਰ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਜਿਸਦਾ ਨਾਮ ਪ੍ਰਕਾਸ਼ ਸਿੰਘ ਬਾਦਲ ਹੈ, ਦਾ ਰਿਮੋਟ ਕੰਟਰੋਲ ਦਿੱਲੀ ਅਤੇ ਨਾਗਪੁਰ ਦੇ ਹੱਥ ਹੋਣ ਕਰਕੇ ਪੰਜਾਬ ਦੇ ਹਰ ਘਰ ਵਿੱਚ ਹਨ੍ਹੇਰ ਪੈ ਗਿਆ। ਪੰਜਾਬ ਨੂੰ ਨਾ ਫੌਜੀ ਹਮਲੇ ਦਾ, ਨਾਂ ਝੂਠੇ ਮੁਕਾਬਲਿਆਂ ਦਾ ਕੋਈ ਨਿਆ ਮਿਲਿਆਂ ਸਗੋਂ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਨਸ਼ਿਆ ਵਿੱਚ ਬਰਬਾਦ ਕਰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਫੌਜੀ ਹਮਲੇ ਦੇ ਸਭ ਸਬੂਤ ਮਿਟਾ ਕੇ ਅਤੇ ਇਤਿਹਾਸ ਵਿੱਚੋਂ ਧਰਮ ਯੁੱਧ ਮੋਰਚੇ ਨੂੰ ਮਨਫੀ ਕਰਨ ਦਾ ਅਪਰਾਧ ਕਰਕੇ ਆਪਣਾ ਅਸਲੀ ਚਿਹਰਾ ਨੰਗਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਦੀ ਅੰਗਰੇਜਾਂ ਅਤੇ ਕਾਂਗਰਸ ਪਾਰਟੀ ਨੇ ਪੜਤਾਲ ਕਰਾਈ। ਪਰ ਸ੍ਰੀ ਦਰਬਾਰ ਸਾਹਿਬ ਤੇ 72 ਘੰਟੇ ਹੋਈ ਬੰਬਾਰੀ ਦੀ ਸਰਕਾਰੀ ਪੜਤਾਲ ਤਾਂ ਕੀ ਹੋਣੀ ਸੀ ਬਾਦਲਕਿਆਂ ਨੇ ਵੀ ਕੋਈ ਪੜਤਾਲ ਨਹੀ ਕਰਾਈ। ਉਲਟਾ ਸਿੱਖ ਰੈਫਰੈਂਸ ਲਾਈਬ੍ਰੇਰੀ ਜੋ ਫੌਜੀ ਹਮਲੇ ਦਾ ਆਖਿਰੀ ਸਬੂਤ ਸੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚੋਂ ਬਾਹਰ ਕੱਢਣ ਦੇ ਯਤਨ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਬੁਰੀ ਤਰ੍ਹਾਂ ਕੰਗਾਲ ਹੋ ਗਿਆ ਹੈ ਪਰ ਇੱਥੋਂ ਦੇ ਹਾਕਮ ਪੂਰੀ ਤਰ੍ਹਾਂ ਮਾਲਾ ਮਾਲ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਅਤੇ ਇਸੇ ਕਾਰਨ ਨਸ਼ਿਆ ਦੀਆਂ ਵੱਡੀਆਂ ਮੱਛੀਆਂ ਨੂੰ ਬਚਾਇਆ ਜਾ ਰਿਹਾ ਹੈ।
21 ਸਿੱਖ ਨੋਜਵਾਨ ਜੋ ਕੈਪਟਨ ਨੇ ਪ੍ਰਧਾਨ ਮੰਤਰੀ ਕੋਲ ਪੇਸ਼ ਕਰਾਏ ਅਤੇ ਝੂਠੇ ਮੁਕਾਬਲਿਆ ਵਿੱਚ ਖਤਮ ਕੀਤੇ ਗਏ। ਉਨ੍ਹਾਂ ਦੇ ਨਾਮ ਨਹੀ ਜਨਤਕ ਹੋ ਰਹੇ। ਨਸ਼ਿਆ ਬਾਰੇ ਬਣੀ ਐਸ.ਟੀ.ਐਫ. ਨੇ 15000 ਛੋਟੇ ਮੋਟੇ ਨਸ਼ਾ ਕਰਨ ਵਾਲੇ ਫੜ੍ਹ ਕੇ ਜੇਲ੍ਹਾ ਵਿੱਚ ਸੁੱਟ ਦਿੱਤੇ ਪਰ 1 ਵੀ ਵੱਡਾ ਦੋਸ਼ੀ ਨਜਰ ਨਹੀ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਕਈਆਂ ਪੀੜੀਆ ਬਾਦਲਕਿਆਂ ਅਤੇ ਕਾਂਗਰਸ, ਭਾਜਪਾ ਨੂੰ ਮੁਆਫ ਨਹੀ ਕਰਨਗੀਆਂ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਦੇ ਰਾਜਾਂ ਕਾਰਨ ਪੰਜਾਬ ਦੀ ਲੁੱਟ ਅਤੇ ਕੁੱਟ ਦੀ ਕੋਈ ਪੜਤਾਲ ਨਹੀ ਹੋ ਰਹੀ।