ਬਠਿੰਡਾ, (21 ਮਈ 2014):- ਸੌਦਾ ਸਾਧ ਸਿਰਸਾ ਵੱਲੋ ਸਿੱਖ ਭਾਈਚਾਰੇ ਦੀ ਧਾਰਮਿਕ ਸ਼ਰਧਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਚੱਲ ਰਹੇ ਕੇਸ ਨੂੰ ਬਠਿੰਡਾ ਦੇ ਚੀਫ਼ ਜ਼ੁਡੀਸ਼ੀਅਲ ਮੈਜਿਸਟਰੇਟ ਸ੍ਰੀ ਰਮਨ ਕੁਮਾਰ ਨੇ ਅੱਜ ਖਾਰਜ ਕਰਨ ਦੀ ਦਰਖਾਸਤ ਨੂੰ ਰੱਦ ਕਰਦਿਆਂ ਉਸ ਨੂੰ 8 ਅਗਸਤ, 2014 ਨੂੰ ਨਿੱਜੀ ਤੌਰ ‘ਤੇ ਅਦਾਲਤ ਵਿਚ ਹਾਜ਼ਰ ਹੋਣ ਲਈ ਆਦੇਸ਼ ਦਿੱਤੇ ਹਨ ।
ਪੰਜਾਬ ਪੁਲਿਸ ਵੱਲੋ ਪੰਜਾਬ ਸਰਕਾਰ ਦੀ ਹਦਾਇਤ ‘ਤੇ ਲੰਮਾ ਸਮਾਂ ਉਕਤ ਕੇਸ ਵਿੱਚ ਜਾਂਚ ਕਰਕੇ ਦੋਸ਼ ਪੱਤਰ ਦਾਖਲ ਨਹੀਂ ਕੀਤਾ ਗਿਆ ਸਗੋਂ ਆਪਣੀ ਜਾਂਚ ਵਿੱਚ ਸੌਦਾ ਸਾਧ ਨੂੰ ਕਲੀਨ ਚਿੱਟ ਦਿੰਦਿਆਂ ਉਸ ਵਿਰੁੱਧ ਦਰਜ਼ ਕੇਸ ਨੂੰ ਖ਼ਾਰਜ਼ ਕਰਨ ਲਈ ਕੋਰਟ ਵਿੱਚ ਅਪੀਲ ਦਾਇਰ ਕਰਵਾੲਈ ਸੀ।
ਸਥਾਨਕ ਕੋਤਵਾਲੀ ਪੁਲਿਸ ਨੇ ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਦੇ ਪ੍ਰਧਾਨ ਸ: ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਡੇਰਾ ਸਿਰਸਾ ਮੁਖੀ ਵਿਰੁੱਧ ਮੁਕੱਦਮਾ ਨੰਬਰ 262, ਮਿਤੀ 20 ਮਈ, 2007 ਅਧੀਨ ਧਾਰਾ 295-ਏ, 298 ਅਤੇ 153-ਏ ਹਿੰਦ ਦੰਡਾਵਲੀ ਅਧੀਨ ਕੇਸ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ 20 ਮਈ 2007 ਨੂੰ ਸੌਦਾ ਸਾਧ ਨੇ ਬਠਿੰਡਾ ਨੇੜੇ ਆਪਣੇ ਡੇਰੇ ਸਲਾਬਤਪੁਰਾ ਵਿੱਚ ਸਿੱਖਾਂ ਦੇ ਦਸਵੇਂ ਗੁਰੂ “ਗੁਰੁ ਗੋਬਿੰਦ ਸਿੰਘ” ਦੀ ਨਕਲ ਕਰਦਿਆਂ ਉਨ੍ਹਾਂ ਵਰਗੀ ਪੁਸ਼ਾਕ ਪਹਿਨ ਕੇ “ਖੰਡੇ ਦੀ ਪਾਹੁਲ” ਦੀ ਰਵਾਇਤ ਦੀ ਨਕਲ ਕਰਦਿਆਂ ਜ਼ਾਮ-ਏ ਇੰਸਾ ਆਪਣੇ ਚੇਲਿਆਂ ਨੂੰ ਪਿਆਇਆ ਸੀ ਅਤੇ ਅਗਲੇ ਦਿਨ ਅਖਬਾਰਾਂ ਵਿੱਚ ਇਸਦੇ ਇਸ਼ਿਤਿਹਾਰ ਦੇ ਕੇ ਮਸ਼ਹੂਰੀ ਕੀਤੀ ਸੀ।
ਜਿਸ ਵਿਰੁੱਧ ਸਿੱਖ ਕੌਮ ਵਿੱਚ ਗੁੱਸੇ ਅਤੇ ਰੋਹ ਦੀ ਲਹਿਰ ਫੈਲ਼ ਗਈ ਸੀ ਅਤੇ ਉਸ ਸਮੇਂ ਤੋਂ ਹੀ ਸਿੱਖਾਂ ਅਤੇ ਸਾਧ ਦੇ ਚੇਲਿਆਂ ਦਰਮਿਆਨ ਕਈ ਝੜਪਾਂ ਹੋਈਆਂ ,ਕਈ ਸਿਖਾਂ ਦੀ ਇਸ ਵਿੱਚ ਜਾਨ ਚਲੀ ਗਈ, ਕਈਆਂ ‘ਤੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ ਅਤੇ ਕਈਆਂ ਨੂੰ ਹੁਣ ਤੱਕ ਇਸ ਮਾਮਲੇ ਵਿੱਚ ਸਜ਼ਾ ਹੋ ਚੁੱਕੀ ਹੈ।ਸਿੱਖ ਧਿਰਾਂ ਤਰਫ਼ੋਂ ਮੁਦਈ ਰਜਿੰਦਰ ਸਿੱਧੂ, ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਅਤੇ ਹੋਰ ਹਾਜ਼ਰ ਸਨ।