ਕੈਲੀਫੋਰਨੀਆ (16 ਮਈ, 2015 ): ਅਮਰੀਕਾ ਸਮੇਤ ਵਿੱਦੇਸ਼ਾਂ ਵਿੱਚ ਸਿੱਖ ਹਿੱਤਾਂ ਦੀ ਪੈਰਵੀ ਕਰ ਰਹੀ ਅਮਰੀਕੀ ਸਿੱਖ ਸੰਸਥਾਂ ਸਿੱਖਸ ਫ਼ਾਰ ਜਸਟਿਸ ਦੇ ਫੇਸਬੁੱਕ ਪੇਜ ‘ਤੇ ਭਾਰਤ ਸਰਕਾਰ ਵਲੋਂ ਪਾਬੰਦੀ ਲਗਾਉਣ ਵਿਰੁੱਧ ਸੰਸਥਾ ਨੇ ਏਅਰ ਇੰਡੀਆ ਏਅਰ ਲਾਈਨਜ਼ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ ।

ਸੰਸਥਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਏਅਰ ਇੰਡੀਆ ਦੇ ਬਾਈਕਾਟ ਦਾ ਫੈਸਲਾ ਅਤੇ ਸੱਦਾ ਇਸ ਲਈ ਦਿੱਤਾ ਹੈ ਤਾਂ ਜੋ ਮੋਦੀ ਸਰਕਾਰ ਦੀ ਤਾਨਾਸ਼ਾਹੀ ਕਾਰਵਾਈ ਨੂੰ ਜਗ ਜ਼ਾਹਿਰ ਕੀਤਾ ਜਾ ਸਕੇ ਜਿਸ ਨੇ ਪੰਜਾਬ ‘ਚ ਰਾਇਸ਼ੁਮਾਰੀ ਕਰਵਾਉਣ ਲਈ ਸੰਸਥਾ ਦੀ ਜਮਹੂਰੀ ਮੁਹਿੰਮ ‘ਤੇ ਪਾਬੰਦੀ ਲਗਾ ਦਿੱਤੀ ਹੈ ।
ਸੰਸਥਾ ਨੇ ਇਸ ਸਬੰਧੀ ‘ਏਅਰ ਇੰਡੀਆ ਨੂੰ ਨਾਂਹ ਅਤੇ ਪੰਜਾਬ ਆਜ਼ਾਦੀ ਰਿਫਰੈਂਡਮ ਨੂੰ ਹਾਂ ਕਹੋ’ ਦੀ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ । ਸੰਸਥਾ ਮੁਤਾਬਿਕ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਤੇ ਸਥਾਨਕ ਗੁਰਦੁਆਰਿਆਂ ਰਾਹੀਂ ਉੱਤਰੀ ਅਮਰੀਕਾ ਦੇ ਹਰ ਸਿੱਖ ਦੇ ਘਰ ਤੱਕ ਪਹੁੰਚ ਕੀਤੀ ਜਾਵੇਗੀ ।
ਸੰਸਥਾ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਦੀ ਹਰ ਤਾਨਾਸ਼ਾਹੀ ਕਾਰਵਾਈ ਨੂੰ ਕਾਨੂੰਨੀ, ਸ਼ਾਂਤੀਪੂਰਨ ਅਤੇ ਜਮਹੂਰੀ ਤਰੀਕੇ ਨਾਲ ਚੁਣੌਤੀ ਦਿੱਤੀ ਜਾਵੇਗੀ ।
ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਸਾਡੀ ਮੁਹਿੰਮ ਦਾ ਮੰਤਵ ਹੈ ਕਿ ਭਾਰਤ ‘ਤੇ ਦਬਾਅ ਪਾਇਆ ਜਾਵੇ ਕਿ ਉਹ ਯੂ. ਐਨ. ਚਾਰਟਰ ਤਹਿਤ ਪੰਜਾਬ ਆਜ਼ਾਦੀ ਰਿਫਰੈਂਡਮ ਕਰਵਾਵੇ । ਦਸਣਯੋਗ ਹੈ ਕਿ ਸੰਸਥਾ ਨੇ ਸਿੱਖ ਪ੍ਰਭੁਸੱਤਾ ਦੇ ਸਵਾਲ ‘ਤੇ ਸਾਲ 2020 ‘ਚ ਰਾਇਸ਼ੁਮਾਰੀ ਕਰਵਾਉਣ ਦਾ ਸੱਦਾ ਦਿੱਤਾ ਹੋਇਆ ਹੈ ।
ਰਾਇਸ਼ੁਮਾਰੀ 2020 ਪੰਜਾਬ ਦੇ ਨਾਲ ਨਾਲ ਅਮਰੀਕਾ, ਕੈਨੇਡਾ, ਯੂ.ਕੇ., ਯੂਰੋਪੀਅਨ ਯੂਨੀਅਨ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਇੰਡੋਨੇਸ਼ੀਆ, ਮਲੇਸ਼ੀਆ ਤੇ ਮੱਧ ਪੂਰਬ ਦੇਸ਼ਾਂ ‘ਚ ਰਹਿੰਦੇ ਸਿੱਖ ਭਾਈਚਾਰੇ ‘ਚ ਕਰਵਾਈ ਜਾਵੇਗੀ ।
ਸਿੱਖ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਵੱਲੋਂ ਮੋਦੀ ਦੀ ਅਮਰੀਕਾ ਅਤੇ ਕੈਨੇਡਾ ਫੇਰੀ ਦਾ ਤਕੜਾ ਵਿਰੋਧ ਕੀਤਾ ਗਿਆ ਸੀ। ਇਸ ਜੱਥੇਬੰਦੀ ਵੱਲੋਂ ਹਮਖਿਆਲੀ ਜੱਥੇਬੰਦੀਆਂ ਨਾਲ ਮਿਲਕੇ ਰੋਸ ਮੁਜ਼ਾਹਰੇ ਕਰਨ ਤੋਂ ਇਲਾਵਾ ਅੰਰੀਕਾ ਦੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਭਾਰਤੀ ਪ੍ਰਧਾਨ ਮੰਤਰੀ ਖਿਲਾਫ ਗੁਜਰਾਤ ਦੇ ਮੁਸਲਿਮ ਕਤਲੇਆਮ ਨੂੰ ਲੈ ਕੇ ਇੱਕ ਲੋਕ ਅਦਾਲਤ ਵੀ ਲਾੲੀ ਗਈ ਸੀ।