ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਅਤੇ ਹੋਰ ਦੋ ਜਣਿਆਂ ਖ਼ਿਲਾਫ਼ ਕਈ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਡੇਰਾ ਮੁਖੀ ਅਤੇ ਡਾ. ਮਹਿੰਦਰ ਇੰਸਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦਕਿ ਤੀਜੇ ਮੁਲਜ਼ਮ ਡਾ. ਪੰਕਜ ਗਰਗ ਨੇ ਪੇਸ਼ ਭੁਗਤੀ। ਪਿਛਲੀ ਸੁਣਵਾਈ ਦੌਰਾਨ ਬਚਾਅ ਪੱਖ ਵੱਲੋਂ ਸੀਬੀਆਈ ਤੋਂ ਮਾਮਲੇ ਨਾਲ ਜੁੜੇ ਦਸਤਾਵੇਜ਼ ਮੰਗੇ ਗਏ ਸਨ, ਜੋ ਅੱਜ ਸੀਬੀਆਈ ਵੱਲੋਂ ਬਚਾਅ ਪੱਖ ਨੂੰ ਦੇ ਦਿੱਤੇ ਗਏ।

ਅਗਲੀ ਸੁਣਵਾਈ ਵਿੱਚ ਇਸ ਮਾਮਲੇ ਨੂੰ ਲੈ ਕੇ ਪੇਸ਼ ਕੀਤੇ ਗਏ ਦੋਸ਼ ਪੱਤਰ ਉੱਤੇ ਬਹਿਸ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਅਪਰੈਲ ਨੂੰ ਹੋਵੇਗੀ।
ਸਾਧਵੀਆਂ ਦੇ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਵਿੱਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਖ਼ਿਲਾਫ਼ ਸੀਬੀਆਈ ਨੇ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪਹਿਲੀ ਫਰਵਰੀ ਨੂੰ ਡੇਰਾ ਮੁਖੀ ਦੇ ਨਾਲ-ਨਾਲ ਦੋ ਡਾਕਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ ਅਤੇ 5 ਫਰਵਰੀ ਨੂੰ ਸੀਬੀਆਈ ਨੇ ਮਾਮਲੇ ਨਾਲ ਸਬੰਧਤ ਬਾਕੀ ਦੇ ਕਾਗ਼ਜ਼ ਵਿੱਚ ਅਦਾਲਤ ਵਿੱਚ ਪੇਸ਼ ਕਰ ਦਿੱਤੇ ਸਨ। ਜ਼ਿਕਰਯੋਗ ਹੈ ਕਿ ਸਾਧੂਆਂ ਦੀ ਸ਼ਿਕਾਇਤ ਉੱਤੇ ਨਪੁੰਸਕ ਬਣਾਉਣ ਦੇ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ।