ਅੰਮਿ੍ਤਸਰ (9 ਜੁਲਾਈ, 2015): ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਿੱਖ ਇਤਿਹਾਸ, ਸਿੱਖ ਵਿਰਾਸਤ ਅਤੇ ਸਿੱਖ ਸਭਿਆਚਾਰ ਦੀਆਂ ਅਨਮੋਲ ਤੇ ਅਲੌਕਿਕ ਯਾਦਾਂ ਦੇ ਖਜ਼ਾਨੇ “ਕੇਂਦਰੀ ਸਿੱਖ ਅਜਾਇਬ ਘਰ” ਨੂੰ ਨਵੀਨ ਦਿੱਖ ਦੇ ਕੇ ਵਿਕਸਤ ਕਰਨ ਦੀ ਸ਼੍ਰੋਮਣੀ ਕਮੇਟੀ ਦੀ ਯੋਜਨਾ ਹੈ।
ਇਸ ਅਜਾਇਬ ਘਰ ਨੂੰ ਵਿਸ਼ਵ ਭਰ ਦੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਵਧਦੀ ਦਿਲਚਸਪੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਵਿਕਸਤ ਕਰਨ ਦੀ ਤਜਵੀਜ਼ ਸੀ ਤੇ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਦਿਆਂ 11 ਜੁਲਾਈ ਨੂੰ 7 ਬਹੁਰਾਸ਼ਟਰੀ ਕੰਪਨੀਆਂ ਨੂੰ ਅਜਾਇਬ ਘਰ ਨੂੰ ਵਿਕਸਤ ਕਰਨ ਲਈ ਆਪੋ-ਆਪਣੀ ਪ੍ਰੋਫਾਈਲ ਪੇਸ਼ ਕਰਨ ਲਈ ਸੱਦਿਆ ਜਾ ਰਿਹਾ ਹੈ।

ਸੰਨ 1958 ‘ਚ ਸ਼ੋ੍ਰਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਸਿੱਖ ਇਤਿਹਾਸ ਦੀਆਂ ਅਲੌਕਿਕ ਯਾਦਾਂ ਦੇ ਸੰਗ੍ਰਹਿਣ ਵਜੋਂ ਹੋਂਦ ‘ਚ ਲਿਆਂਦੇ ਕੇਂਦਰੀ ਸਿੱਖ ਅਜਾਇਬ ਘਰ ‘ਚ ਗੁਰੂ ਸਹਿਬਾਨ ਤੇ ਹੋਰਨਾਂ ਸਿੱਖ ਸ਼ਖ਼ਸੀਅਤਾਂ ਨਾਲ ਸਬੰਧਿਤ ਪੁਰਾਤਨ ਸ਼ਸ਼ਤਰਾਂ, ਸਿੱਕਿਆਂ, ਹੱਥ ਲਿਖਤਾਂ ਦਾ ਇਕ ਅਨੂਠਾ ਭੰਡਾਰ ਹੈ, ਜਿਸ ਨੂੰ ਸ਼ੁਰੂ ਤੋਂ ਹੀ ਹਰੇਕ ਸ਼ਰਧਾਲੂ ਲਈ ਰੋਜ਼ਾਨਾ ਮੁਫ਼ਤ ਦਾਖ਼ਲੇ ਹਿੱਤ ਖੋਲਿ੍ਹਆ ਜਾਂਦਾ ਹੈ ।
ਇਸ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਮਾਹਰਾਂ ਦੀ ਗਠਿਤ ਕੀਤੀ ਸਬ-ਕਮੇਟੀ ਵੱਲੋਂ ਤਜਵੀਜ਼ਸ਼ੁਦਾ ਏਜੰਡੇ ਅਨੁਸਾਰ ਸਿੱਖ ਅਜਾਇਬ ਘਰ ਨੂੰ ਨਵੀਨ ਦਿੱਖ ਪ੍ਰਦਾਨ ਕਰਦਿਆਂ ਵਿਕਸਤ ਕੀਤਾ ਜਾਵੇਗਾ, ਜਿਸ ‘ਚ ਅਜਾਇਬ ਘਰ ਨੂੰ ਆਉਣ-ਜਾਣ ਲਈ ਇਕੋ ਇਕ ਮਾਤਰ ਬੇਹੱਦ ਭੀੜੀਆਂ ਪੌੜੀਆਂ ਨੂੰ ਖੁੱਲਿਆਂ ਕਰਦਿਆਂ ਲਿਫਟ ਵੀ ਲਾਈ ਜਾਵੇਗੀ ।
ਨਵੀਂ ਤਜਵੀਜ਼ ਅਨੁਸਾਰ ਅਜਾਇਬ ਘਰ ਨੂੰ ਮੁਕੰਮਲ ‘ਏਅਰਕੰਡੀਸ਼ਨਡ’ ਕੀਤਾ ਜਾਵੇਗਾ । ਇਸ ਦੌਰਾਨ ਹਾਲ ਇਕ ਤੋਂ ਹਾਲ ਤਿੰਨ ਤੱਕ ਲੱਗੀਆਂ ਸਮੂਹ ਇਤਿਹਾਸਕ ਤਸਵੀਰਾਂ ਦੇ ਫਰੇਮ ਇਕੋ ਸ਼ੈਲੀ ‘ਚ ਨਵੇਂ ਤਿਆਰ ਕੀਤੇ ਜਾਣਗੇ ।
ਧਾਰਮਿਕ ਪੋਥੀਆਂ, ਪਾਵਨ ਹੱਥ ਲਿਖਤਾਂ ਤੇ ਸਿੱਕੇ ਆਦਿ ਰੱਖਣ ਵਾਲੇ ਸ਼ੋਅ ਕੇਸ (ਖਾਨੇ) ਸਟੀਲ ਦੇ ਬਣਾਏ ਜਾਣਗੇ । ਅਜਾਇਬ ਘਰ ‘ਚ ਤਸਵੀਰਾਂ ਨੂੰ ਇਤਿਹਾਸ ਦੀਆਂ ਪਰਤਾਂ ‘ਚ ਤਰੀਕ ਅਨੁਸਾਰ ਤਰਤੀਬਵਾਰ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਪਹਿਲੀ ਪਤਾਸ਼ਾਹੀ ਦੇ ਇਤਿਹਾਸ ਤੋਂ ਹੋਵੇਗੀ ।
ਤਸਵੀਰਾਂ ਤੇ ਹੋਰ ਇਤਿਹਾਸਕ ਭੰਡਾਰ ਨੂੰ ਲੜੀਬੱਧ ਕਰਨ ਤੋਂ ਇਲਾਵਾ ਸਦੀਵੀਂ ਰੱਖਣ ਲਈ ਯੋਗ ਉਪਰਾਲੇ ਕੀਤੇ ਜਾਣਗੇ ਤੇ ਅਜਾਇਬ ਘਰ ਦੀ ਫਰਸ਼ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ ।