ਲੁਧਿਆਣਾ (16 ਦਸੰਬਰ, 2014): ਅੱਜ ਲੁਧਿਆਣਾ ਦੀ ਇੱਕ ਅਦਾਲਤ ਨੇ ਸੰਨ 2007 ਵਿੱਚ ਹੋਏ “ਸਿੰਗਾਰ ਬੰਬ ਧਮਾਕਾ” ਕੇਸ ਦਾ ਫੈਸਲਾ ਸੁਣਾਇਆ। ਅਦਾਲਤ ਨੇ ਇਸ ਕੇਸ ਵਿੱਚ ਪੁਲਿਸ ਵੱਲੋਂ ਨਾਮਜ਼ਦ ਤਿੰਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ।
ਇਹ ਕੇਸ ਲੁਧਿਆਣਾ ਦੇ ਡਵੀਜ਼ਨ ਨੰਬਰ 6 ਪੁਲਿਸ ਥਾਣੇ ਵਿੱਚ ਪਰਚਾ ਨੰ. 238, ਮਿਤੀ 14 ਅਕਤੂਬਰ 2007 ਨੂੰ ਭਾਰਤੀ ਵਿਧਾਨ ਧਾਰਾ 302, 307 ਅਤੇ ਧਮਾਕਖੇਜ਼ ਸਮੱਗਰੀ ਕਾਨੂੰਨ ਦੀਆਂ ਧਾਰਾਵਾਂ 3, 4 ਅਤੇ 5 ਅਧੀਨ ਦਰਜ਼ ਕੀਤਾ ਗਿਆ ਸੀ।

ਇਸ ਬੰਬ ਧਮਾਕੇ ਦੀ ਘਟਨਾ ਲੁਧਿਆਣਾ ਸਥਿਤ ਸ਼ਿੰਗਾਰ ਸਿਨੇਮਾ ਵਿੱਚ ਵਾਪਰੀ ਸੀ, ਜਿਸ ਵਿੱਚ 6 ਵਿਅਕਤੀਆਂ ਦੀ ਮੌਤ ਅਤੇ 42 ਹੋਰ ਜ਼ਖਮੀ ਹੋ ਗਏ ਸਨ।
ਪੁਲਿਸ ਨੇ ਇਸ ਕੇਸ ਵਿੱਚ ਇੱਕ ਮਹੀਨੇ ਬਾਅਦ 12 ਨਵੰਬਰ 2007 ਨੂੰ ਚਾਰ ਸਿੱਖ ਨੌਜਵਾਨਾਂ ਗੁਰਪ੍ਰੀਤ ਸਿੰਘ ਖਾਲਸਾ, ਹਰਮਿੰਦਰ ਸਿੰਘ, ਸੰਦੀਪ ਸਿੰਘ ਹੈਰੀ ਅਤੇ ਰਵਿੰਦਰ ਸਿੰਘ ਖਿਲਾਫ ਪਰਚਾ ਦਰਜ਼ ਕੀਤਾ ਸੀ।
ਪੁਲਿਸ ਨੇ ਗੁਰਪ੍ਰੀਤ ਸਿੰਘ ਖਾਲਸਾ, ਸੰਦੀਪ ਸਿੰਘ ਹੈਰੀ ਅਤੇ ਰਵਿੰਦਰ ਸਿੰਘ ਨੂੰ ਦਸੰਬਰ 2007 ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਖਿਲਾਫ ਅਦਾਲਤ ਨੇ ਕੇਸ ਦੀ ਕਾਰਵਾਈ ਸ਼ੁਰੂ ਕਰ ਦਿਤੀ ਸੀ, ਜਦਕਿ ਹਰਮਿੰਦਰ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।
ਹਰਮਿੰਦਰ ਸਿੰਘ 2010 ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਸਾਰੇ ਦੋਸ਼ੀਆਂ ਖਿਲਾਫ ਕੇਸ ਫਿਰ ਨਵੇਂ ਸਿਰੇ ਤੋਂ ਚੱਲਣ ਲੱਗਾ।
ਪੁਲਿਸ ਵੱਲੋਂ ਇਸ ਕੇਸ ਵਿੱਚ ਬੰਬ ਧਮਾਕੇ ਵਿੱਚ ਬਚਣ ਵਾਲਿਆਂ, ਮੌਕੇ ਦੇ ਗਵਾਹਾਂ, ਪੁਲਿਸ ਦੇ ਮੁਖਬਰਾਂ ਅਤੇ ਪੁਲਿਸ ਦੇ ਮੁਲਾਜ਼ਮਾਂ ਦੀਆਂ 42 ਗਵਾਹੀਆਂ ਦਰਜ਼ ਕਰਵਾਈਆਂ, ਜਦਕਿ ਬਚਾਅ ਪੱਖ ਨੇ 13 ਗਵਾਹ ਪੇਸ਼ ਕੀਤੇ।
ਇਸ ਕੇਸ ਦੀ ਸੁਣਵਾਈ ਦੌਰਾਨ ਹੀ ਸੰਦੀਪ ਸਿੰਘ ਹੈਰੀ ਦੀ ਰਹੱਸਮਈ ਹਾਲਤਾਂ ਵਿੱਚ ਅਤਿ ਸੁਰੱਖਿਅਤ ਜੇਲ ਨਾਭਾ ਵਿੱਚ ਮੌਤ ਹੋ ਗਈ ਸੀ।
ਲੱਗਭਗ 7 ਸਾਲ ਚੱਲੀ ਕੇਸ ਦੀ ਸੁਣਵਾਈ ਤੋਂ ਬਾਅਦ ਲਧਿਆਣਾ ਦੀ ਐਡੀਸ਼ਨ ਸ਼ੈਸ਼ਨ ਜੱਜ ਹਰੀ ਸਿੰਘ ਗਰੇਵਾਲ ਦੀ ਅਦਾਲਤ ਨੇ ਇਸ ਕੇਸ ਦਾ ਫੈਸਲਾ ਸੁਣਾਇਆ।ਅਦਲਾਤ ਨੇ ਸਾਰੇ ਕੇਸ ਨੂੰ ਵਿਚਾਰਦਿਆਂ ਇਹ ਵੇਖਿਆ ਕਿ ਸਰਕਾਰੀ ਧਿਰ ਇਸ ਕੇਸ ਵਿੱਚ ਨਾਮਜ਼ਦ ਚਾਰਾਂ ਵਿਅਕਤੀ ਖਿਲਾਫ ਦੋਸ਼ ਸਿੱਧ ਨਹੀਂ ਕਰ ਸਕੀ।ਇਸ ਤਰਾਂ ਅਦਾਲਤ ਨੇ ਇਸ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਚਾਰਾ ਵਿਅਕਤੀਆਂ ਨੂੰ ਬਰੀ ਕਰ ਦਿੱਤਾ।
ਇਹ ਕੇਸ ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੱਲੋਂ ਐਡਵੋਕੇਟ ਗੁਰਮੀਤ ਸਿੰਘ ਰੱਤੂ ਅਤੇ ਜਸਪਾਲ ਸਿੰਘ ਮੰਝਪੁਰ ਨੇ ਲੜਿਆ।