ਚੰਡੀਗੜ੍ਹ (11 ਨਵੰਬਰ, 2014): ਪਿੱਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਆਰ. ਐੱਸ. ਐੱਸ ਦੀਆਂ ਫਿਰਕੂ ਸਰਗਰਮੀਆਂ ਤੋਂ ਚਿੰਤਤ ਪੰਜਾਬ ਦੀਆਂ 4 ਖੱਬੇ ਪੱਖੀ ਪਾਰਟੀਆਂ ਸੀ. ਪੀ. ਆਈ., ਸੀ. ਪੀ. ਆਈ. ਐਮ., ਸੀ.ਪੀ.ਐਮ. (ਪੰਜਾਬ) ਅਤੇ ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਦੇ ਆਗੂਆਂ ਨੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੂਰੀ ਤਰ੍ਹਾਂ ਸ਼ਾਂਤ ਵੱਸਦੇ ਪੰਜਾਬ ਦੇ ਪਿੰਡਾਂ ਵਿਚ ਆਰ.ਐਸ.ਐਸ. ਵੱਲੋਂ ਫਿਰਕੂ ਤੇ ਜ਼ਹਿਰੀਲਾ ਪ੍ਰਚਾਰ ਕਰਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅੱਜ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕ੍ਰਮਵਾਰ ਬੰਤ ਸਿੰਘ ਬਰਾੜ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ ਅਤੇ ਗੁਰਮੀਤ ਸਿੰਘ ਬਖ਼ਤਪੁਰਾ ਨੇ ਵਿਚਾਰ ਪ੍ਰਗਟ ਕੀਤਾ ਕਿ ਜੇ ਆਰ. ਐਸ. ਐਸ. ਨੂੰ ‘ਜ਼ਹਿਰੀਲਾ ਪ੍ਰਚਾਰ’ ਕਰਨ ਤੋਂ ਨਾ ਰੋਕਿਆ ਗਿਆ ਤਾਂ ਇਸ ਨਾਲ ਸਰਹੱਦੀ ਰਾਜ ਵਿਚ ਹਾਲਾਤ ਫਿਰ ਖ਼ਰਾਬ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੇ ਵਰਕਰਾਂ ਨੇ ਹੁਣੇ ਜਿਹੇ ਮਾਲਵੇ ਦੇ ਕੁਝ ਪਿੰਡਾਂ ਵਿਚ ਨੰਗੀਆਂ ਤਲਵਾਰਾਂ ਰਾਹੀਂ ਫਿਰਕੂ ਜਲੂਸ ਕੱਢੇ, ਜੋ ਬਹੁਤ ਚਿੰਤਾਜਨਕ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਸਮੱਸਿਆਵਾਂ ਹੱਲ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਲੀਡਰ ਆਪਸ ਵਿਚ ਹੀ ਉਲਝੇ ਪਏ ਹਨ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਲੋਕ ਵਿਰੋਧੀ ਨੀਤੀਆਂ ‘ਤੇ ਚੱਲ ਰਹੀ ਹੈ, ਸੰਕਟ ਗ੍ਰਸਤ ਕਿਸਾਨਾਂ ਅਤੇ ਗਰੀਬ ਵਰਗਾਂ ਨੂੰ ਮਿਲ ਰਹੀਆਂ ਸਬਸਿਡੀਆਂ ਖ਼ਤਮ ਕਰਨ ਵੱਲ ਜਾ ਰਹੀ ਹੈ, ਸਿੱਖਿਆ ਸਿਲੇਬਸਾਂ ਵਿਚ ਪਿੱਛਾਂ ਖਿੱਚੂ ਤੇ ਫਿਰਕੂ ਤਬਦੀਲੀਆਂ ਕਰ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਜੰਮੂ ਕਸ਼ਮੀਰ ਤੇ ਸੰਵਿਧਾਨ ਅਨੁਸਾਰ ਲਾਗੂ ਧਾਰਾ 370 ਖ਼ਤਮ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੇ ਕੁਝ ਕਾਂਗਰਸੀ ਆਗੂਆਂ ਨੇ ਆਰ.ਐਸ.ਐਸ. ਦੀਆਂ ਫਿਰਕੂ ਸਰਗਰਮੀਆਂ ਦਾ ਵਿਰੋਧ ਕੀਤਾ ਹੈ, ਪਰ ਸਚਾਈ ਇਹ ਹੈ ਕਿ ਅੱਜ ਦੀ ਕਾਂਗਰਸ ਵੀ ਸੈਕੂਲਰ ਪਾਰਟੀ ਨਹੀਂ ਰਹੀ।