ਅੰਮ੍ਰਿਤਸਰ (11 ਨਵੰਬਰ, 2014): ਸਿੱਖ ਧਰਮ ਦੇ ਨਿਆਰਪਨ ਨੂੰ ਹਮੇਸ਼ਾਂ ਖੋਰਾ ਲਾਉਣ ਵਾਲੀ ਆਰ. ਐੱਸ. ਐੱਸ ਦੇ ਵਿਦਿਆਰਥੀ ਵਿੰਗ ਵੱਲੋਂ ਅੰਮ੍ਰਿਤਸਰ ਵਿੱਚ ਹੋ ਰਹੇ ਸਮਾਗਮ ਲਈ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਵੱਲੋ ਸਿੱਖ ਸਕੂਲ਼ਾਂ ਦੀ ਜਗਾ ਦੇਣ ਦਾ ਵਿਰੋਧ ਕਰਦਿਆਂ ਮਨਜੀਤ ਸਿੰਘ ਕਲਕੱਤਾ ਸਬਕਾ ਮੰਤਰੀ ਅਤੇ ਸਕੱਤਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਇਹ ਇਕ ਵੱਡੀ ਸਾਜਿਸ਼ ਹੈ ਕਿ ਸਿੱਖ ਪਬਲਿਕ ਸਕੂਲ ਹੀ ਕਿਉਂ ਸਮਾਗਮਾਂ ਲਈ ਚੁਣੇ ਗਏ ਹਨ ਅਤੇ ਹਿੰਦੂ ਸਕੂਲ ਕਿਉਂ ਨਹੀਂ ਲਏ ਗਏ।
ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਦੀ ਤੇ ਸਿੱਖ ਧਰਮ ਨੂੰ ਸੰਪੂਰਨ ਧਰਮ ਨਹੀਂ ਮੰਨਦੀ। ਉਨ੍ਹਾਂ ਕਿਹਾ ਕਿ ਆਰਐਸਐਸ ਸਿੱਖ ਪਬਲਿਕ ਸਕੂਲਾਂ ਵਿਚ ਘੁਸਪੈਠ ਕਰਕੇ ਸਿੱਖਾਂ ਦੀ ਪਛਾਣ ਨੂੰ ਖ਼ਤਮ ਕਰਨ ਲਈ ਅਜਿਹੇ ਢੰਗ ਤਰੀਕੇ ਵਰਤ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਅੱਠਵੀਂ ਤੋਂ 12ਵੀਂ ਤਕ ਬੱਚੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਮਾਗਮਾਂ ਦਾ ਬੱਚਿਆਂ ‘ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਅਗਲਾ ਕਦਮ ਇਨ੍ਹਾਂ ਦਾ ਇਹ ਹੋਵੇਗਾ ਕਿ ਕਾਲਜਾਂ ਵਿਚ ਯੂਨਿਟ ਬਣਾਉਣਗੇ।
ਉਨ੍ਹਾਂ ਕਿਹਾ ਕਿ ਕੌਮ ਦੇ ਵਡੇਰੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਚੀਫ਼ ਖਾਲਸਾ ਦੀਵਾਨ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰੇ ਅਤੇ ਸਪੱਸ਼ਟ ਨਾਂਹ ਕਰ ਦੇਵੇ।
ਉਨ੍ਹਾਂ ਕਿਹਾ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦਬਾਅ ਪਾਏ ਜਾਣ ‘ਤੇ ਚੀਫ ਖਾਲਸਾ ਦੀਵਾਨ ਨੇ ਪਬਲਿਕ ਸਕੂਲਾਂ ਦੀ ਥਾਂ ਸਮਾਗਮ ਲਈ ਦਿੱਤੀ ਹੇ। ਉਨ੍ਹਾਂ ਕਿਹਾ ਕਿ ਚੀਫ਼ ਖਾਲਸਾ ਦੀਵਾਨ ਆਰਐਸਐਸ ਦੇ ਦਬਾਅ ਹੇਠ ਨਾ ਆਵੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵੀ ਇਸ ਸਬੰਧੀ ਗੱਲ ਕੀਤੀ ਹੈ ਪਰ ਇੰਨਾ ਹੀ ਕਿਹਾ ਹੈ ਕਿ ਇਹ ਬਹੁਤ ਮਾੜਾ ਹੋ ਰਿਹਾ ਹੈ।
ਉਨ੍ਹਾਂ ਨੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਚੀਫ ਕਾਲਸਾ ਦੀਵਾਨ ਨੂੰ ਹੁਕਮ ਕਰਨ ਕਿ ਉਹ ਸਿੱਖ ਪੰਥ ਵਿਰੋਧੀ ਆਰ. ਐੱਸ. ਐੱਸ ਨੂੰ ਸਕੂਲਾਂ ਵਿੱਚ ਸਮਾਗਮ ਕਰਨ ਦੀ ਇਜ਼ਾਜ਼ਤ ਨਾ ਦੇਣ।