– ਦਵਿੰਦਰ ਪਾਲ
ਚੰਡੀਗੜ੍ਹ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋਂ ਦਿੱਤਾ ਗਿਆ ਫ਼ਤਵਾ ਸਾਰੀਆਂ ਸਿਆਸੀ ਧਿਰਾਂ ਖਾਸ ਕਰਕੇ ਪਿਛਲੇ ਸੱਤ ਸਾਲਾਂ ਤੋਂ ਹਕੂਮਤ ਕਰਦੀਆਂ ਆ ਰਹੀਆਂ ਪਾਰਟੀਆਂ ਲਈ ਅੱਖਾਂ ਖੋਲ੍ਹਣ ਵਾਲਾ ਹੈ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਪ੍ਰਦਰਸ਼ਨ ਦੀ ਆਸ ਲਾਈ ਬੈਠਾ ਸੀ। ਸੱਤਾਧਾਰੀ ਪਾਰਟੀ 5 ਸਾਲ ਪਹਿਲਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੀ ਹੈ। ਸਾਲ 2009 ਦੀਆਂ ਚੋਣਾਂ ‘ਚ ਵੀ ਇਸ ਪਾਰਟੀ ਨੇ 4 ਸੀਟਾਂ ਜਿੱਤੀਆਂ ਸਨ ਤੇ ਇਸ ਵਾਰ ਵੀ ਉਨ੍ਹਾਂ ਦੇ ਪੱਲੇ 4 ਹੀ ਸੀਟਾਂ ਪਈਆਂ ਹਨ। ਕਾਂਗਰਸ ਨੂੰ ਸੱਤਾ ਵਿਰੋਧੀ ਵੋਟ ਦੇ ਸਹਾਰੇ ਜ਼ਿਆਦਾ ਵੋਟਾਂ ਮਿਲਣ ਦੀ ਉਮੀਦ ਸੀ ਪਰ ਉਨ੍ਹਾਂ ਨੂੰ 3 ਸੀਟਾਂ ਨਾਲ ਗੁਜ਼ਾਰਾ ਕਰਨਾ ਪਿਆ ਤੇ ਭਾਰਤੀ ਜਨਤਾ ਪਾਰਟੀ ਮੋਦੀ ਲਹਿਰ ਦੇ ਸਹਾਰੇ ਤਿੰਨ ਵਿੱਚੋਂ 2 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ।
ਪੰਜਾਬ ਦੇ ਲੋਕਾਂ ਨੇ ਲੰਮੇ ਸਮੇਂ ਬਾਅਦ ਪਹਿਲੀ ਵਾਰੀ ਕਿਸੇ ਤੀਜੀ ਧਿਰ ਆਮ ਆਦਮੀ ਪਾਰਟੀ (ਆਪ) ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਹੈ। ਇਸ ਪਾਰਟੀ ਦੇ 4 ਉਮੀਦਵਾਰ ਜੇਤੂ ਹੀ ਨਹੀਂ ਰਹੇ ਸਗੋਂ ਬਾਕੀ ਉਮੀਦਵਾਰਾਂ ਨੇ ਵੀ ਚੰਗੀਆਂ ਵੋਟਾਂ ਪ੍ਰਾਪਤ ਕੀਤੀਆਂ। ਇਹ ਚੋਣ ਨਤੀਜੇ ਸੂਬੇ ਦੀ ਰਾਜਸੀ ਫ਼ਿਜ਼ਾ ਨੂੰ ਬਦਲਣ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੇ ਦਿਖਾਈ ਦੇ ਰਹੇ ਹਨ। ‘ਆਪ’ ਦੇ ਉਭਾਰ ਅਤੇ ਸਥਾਪਤ ਪਾਰਟੀਆਂ ਨੂੰ ਲੱਗੇ ਝਟਕਿਆਂ ਤੋਂ ਸਪੱਸ਼ਟ ਹੈ ਕਿ ਸੂਬੇ ਦੇ ਲੋਕ ਤਬਦੀਲੀ ਚਾਹੁੰਦੇ ਹਨ।
ਸ਼੍ਰੋਮਣੀ ਅਕਾਲੀ ਦਲ 2007 ਤੋਂ ਸੂਬੇ ਦੀ ਸੱਤਾ ‘ਤੇ ਕਾਬਜ਼ ਹੈ। ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਪਾਰਟੀ ਨੂੰ ਭਾਵੇਂ ਝਟਕਾ ਲੱਗਿਆ ਸੀ ਪਰ 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਸ ਪਾਰਟੀ ਦੀ ਚੜ੍ਹਤ ਦਾ ਦੌਰ ਰਿਹਾ। ਜ਼ਿਮਨੀ ਚੋਣਾਂ ਵੱਡੇ ਅੰਤਰ ਨਾਲ ਹੀ ਨਹੀਂ ਜਿੱਤੀਆਂ ਸਗੋਂ ਕਾਂਗਰਸ ਦੇ ਵਿਧਾਇਕ ਵੀ ਸੱਤਾਧਾਰੀ ਧਿਰ ਵੱਲ ਖਿੱਚੇ ਜਾਣ ਲੱਗੇ ਸਨ। ਲੋਕ ਸਭਾ ਚੋਣਾਂ ਦਾ ਮਾਹੌਲ ਗਰਮ ਹੋਣ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ਲਈ ਸਾਰੀਆਂ ਲੋਕ ਸਭਾ ਸੀਟਾਂ ‘ਕੇਕ ਵਾਕ’ ਦੀ ਤਰ੍ਹਾਂ ਮਹਿਸੂਸ ਹੋ ਰਹੀਆਂ ਸਨ। ਜਿਵੇਂ ਹੀ ਸਾਰੀਆਂ ਧਿਰਾਂ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਤਾਂ ਸੂਬੇ ਦੀ ਰਾਜਸੀ ਹਵਾ ਵਿੱਚ ਇਕਦਮ ਤਬਦੀਲੀ ਆ ਗਈ। ਸਭ ਤੋਂ ਵੱਡੀ ਤਬਦੀਲੀ ਇਹ ਸੀ ਕਿ ਅਕਾਲੀ ਦਲ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਈ। ਇਸ ਦਾ ਪ੍ਰਗਟਾਵਾ ਨਤੀਜਿਆਂ ਤੋਂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸੱਤਾ ਵਿੱਚ ਅਜੇ ਪੌਣੇ ਤਿੰਨ ਸਾਲ ਦਾ ਸਮਾਂ ਬਾਕੀ ਹੈ। ਇਸ ਸਮੇਂ ਦੌਰਾਨ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਤੇ ਲੋਕਾਂ ਦਾ ਭਰੋਸਾ ਜਿੱਤਣਾ ਹਾਕਮ ਪਾਰਟੀਆਂ ਲਈ ਸਭ ਤੋਂ ਵੱਡੀ ਚੁਣੌਤੀ ਨਜ਼ਰ ਆ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਪਾਰਟੀ ਮੰਨੀ ਜਾਂਦੀ ਹੈ। ਸਾਲ 1920 ਵਿੱਚ ਇਹ ਪਾਰਟੀ ਹੋਂਦ ਵਿੱਚ ਆਈ ਤੇ ਦੇਸ਼ ਦੀ ਜੰਗੇ ਆਜ਼ਾਦੀ ਵਿੱਚ ਵੀ ਇਸ ਪਾਰਟੀ ਦੀ ਅਹਿਮ ਭੂਮਿਕਾ ਰਹੀ। ਸੁਖਬੀਰ ਸਿੰਘ ਬਾਦਲ ਜਦੋਂ ਤੋਂ ਇਸ ਪਾਰਟੀ ਦੇ ਪ੍ਰਧਾਨ ਬਣੇ ਹਨ, ਉਦੋਂ ਤੋਂ ਹੀ ਪਾਰਟੀ ਦੀ ਕਾਰਜਸ਼ੈਲੀ ਵਿੱਚ ਵੱਡੀ ਤਬਦੀਲੀ ਦਿਖਾਈ ਦੇਣ ਲੱਗੀ ਹੈ। ਉਹ ਖ਼ੁਦ ਇਕ ਕੰਪਨੀ ਦੇ ਮੁਖੀ ਵਾਂਗ ਪਾਰਟੀ ਨੂੰ ਚਲਾਉਣ ਦੀ ਗੱਲ ਵੀ ਕਰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਲੋਕਾਂ ਦੀ ਨਾਰਾਜ਼ਗੀ ਪਾਰਟੀ ਨਾਲ ਵਧਦੀ ਜਾ ਰਹੀ ਹੈ। ਇਸ ਦੀ ਸੱਜਰੀ ਮਿਸਾਲ ਬਠਿੰਡਾ ਲੋਕ ਸਭਾ ਹਲਕੇ ਤੋਂ ਲਈ ਜਾ ਸਕਦੀ ਹੈ। ਬਠਿੰਡਾ ਲੋਕ ਸਭਾ ਹਲਕੇ ਨੂੰ ਬਾਦਲ ਪਰਿਵਾਰ ਨੇ ਸਿਆਸਤਦਾਨਾਂ ਦੀ ਥਾਂ ‘ਮੈਨੇਜਰਾਂ’ ਦੇ ਹਵਾਲੇ ਕੀਤਾ ਹੋਇਆ ਸੀ। ਇਸ ਲੋਕ ਸਭਾ ਹਲਕੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਪ੍ਰਧਾਨ ਵੱਲੋਂ ਥਾਪੇ ਮੈਨੇਜਰ ਕੰਮ ਕਰ ਰਹੇ ਸਨ। ਇਸ ਹਲਕੇ ਤੋਂ ਜੋ ਨਤੀਜਾ ਸਾਹਮਣੇ ਆਇਆ ਹੈ ਉਹ ਲੋਕਾਂ ਦੇ ਸਾਹਮਣੇ ਹੀ ਹੈ। ਘੱਟ ਵੋਟਾਂ ਨਾਲ ਜਿੱਤਣ ਤੋਂ ਸਪੱਸ਼ਟ ਹੈ ਕਿ ‘ਸੁਖਬੀਰ ਮਾਡਲ’ ਵੀ ਬਹੁਤਾ ਕਾਮਯਾਬ ਨਹੀਂ ਰਿਹਾ। ਇਸ ਤਰ੍ਹਾਂ ਦਾ ਮਾਡਲ ਕਿਸੇ ਸਮੇਂ ਵੋਟਾਂ ਤਾਂ ਪਵਾ ਸਕਦਾ ਹੈ ਪਰ ਲੋਕਾਂ ਦੇ ਦਿਲ ਨਹੀਂ ਜਿੱਤ ਸਕਦਾ।
ਉਪ ਮੁੱਖ ਮੰਤਰੀ ਵੱਲੋਂ ਪ੍ਰਸ਼ਾਸਕੀ ਸੁਧਾਰਾਂ ਰਾਹੀਂ ਹੇਠਲੇ ਪੱਧਰ ਦੀ ਰਿਸ਼ਵਤਖੋਰੀ ਖ਼ਤਮ ਕਰਕੇ ਲੋਕਾਂ ਦੇ ਕੰਮਕਾਰ ਕਰਨ ਅਤੇ ਪਕੜ ਬਣਾਉਣ ਦੇ ਯਤਨ ਕੀਤੇ ਗਏ। ਜਦੋਂ ਚੋਣਾਂ ਦੇ ਇਮਤਿਹਾਨ ਦੀ ਘੜੀ ਆਈ ਤਾਂ ਪ੍ਰਸ਼ਾਸਕੀ ਸੁਧਾਰਾਂ ਦੀ ਥਾਂ ਰੇਤਾ, ਬਜਰੀ ਅਤੇ ਨਸ਼ਿਆਂ ਦੀ ਸਮਗÇਲੰਗ ਵੱਡੇ ਮੁੱਦੇ ਬਣ ਗਏ।
ਉਪ ਮੁੱਖ ਮੰਤਰੀ ਦੇ ਵਿਕਾਸ ਦੀ ਗੱਡੀ ਵੀ ਵੋਟਾਂ ਖਿੱਚਣ ਲਈ ਮਦਦਗਾਰ ਸਾਬਤ ਨਹੀਂ ਹੋਈ। ਮੋਦੀ ਲਹਿਰ ਪੂਰੇ ਦੇਸ਼ ਵਿੱਚ ਚੱਲੀ ਪਰ ਪੰਜਾਬ ਦੇ ਲੋਕਾਂ ਨੇ ਇਸ ਲਹਿਰ ‘ਚ ਵਹਿਣ ਦੀ ਥਾਂ ਨਵੀਂ ਲਹਿਰ ਨੂੰ ਹਮਾਇਤ ਦਿੱਤੀ। ਸ਼੍ਰੋਮਣੀ ਅਕਾਲੀ ਦਲ ਭਾਵੇਂ ‘ਆਪ’ ਨੂੰ ਮਿਲੇ ਸਮਰਥਨ ਨੂੰ ਕਾਂਗਰਸ ਦਾ ਰਾਜਸੀ ਨੁਕਸਾਨ ਆਖ ਕੇ ‘ਗ੍ਰਹਿ ਟਾਲਣ’ ਦਾ ਯਤਨ ਕਰ ਸਕਦਾ ਹੈ ਪਰ ਸਿਆਸੀ ਪਾਰਟੀਆਂ ਦਰਮਿਆਨ ਹੋਈ ਵੋਟਾਂ ਦੀ ਵੰਡ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ‘ਆਪ’ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਦੀਆਂ ਵੋਟਾਂ ਨੂੰ ਖੋਰਾ ਲਾਇਆ ਹੈ। ਸ਼੍ਰੋਮਣੀ ਅਕਾਲੀ ਦਲ ਲਈ ਸੋਚਣ ਦੀ ਘੜੀ ਹੈ ਕਿਉਂਕਿ ਦਿਹਾਤੀ ਵੋਟਰਾਂ ਨੇ ਵੀ ਇਸ ਨਵੀਂ ਪਾਰਟੀ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ ਹੈ।
ਅੰਮ੍ਰਿਤਸਰ ਤੋਂ ਭਾਜਪਾ ਆਗੂ ਅਰੁਣ ਜੇਤਲੀ ਦੀ ਹਾਰ ਮਹਿਜ਼ ਇਕ ਉਮੀਦਵਾਰ ਦੀ ਹਾਰ ਨਹੀਂ ਹੈ। ਇਹ ਹਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਨਮੋਸ਼ੀ ਭਰੀ ਹਾਰ ਕਹੀ ਜਾ ਸਕਦੀ ਹੈ।
ਦੋਹਾਂ ਬਾਦਲਾਂ ਨੇ ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਮਨਾਇਆ ਅਤੇ ਜਿਤਾਉਣ ਦੇ ਵੀ ਦਾਅਵੇ ਕੀਤੇ ਸਨ। ਮਾਝੇ ਦੇ ਜਰਨੈਲ ਵਜੋਂ ਸਥਾਪਤ ਹੋਏ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵੀ ਇਨ੍ਹਾਂ ਚੋਣਾਂ ਦੌਰਾਨ ਚਰਚਾ ਦਾ ਵਿਸ਼ਾ ਰਹੇ। ਸ੍ਰੀ ਜੇਤਲੀ ਦੀ ਹਾਰ ਯੂਥ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਵੱਡਾ ਝਟਕਾ ਹੈ। ਸ਼੍ਰੋਮਣੀ ਅਕਾਲੀ ਦਲ ਲਈ ਆਉਣ ਵਾਲਾ ਸਮਾਂ ਸਿਆਸੀ ਤੌਰ ‘ਤੇ ਚੁਣੌਤੀਆਂ ਭਰਪੂਰ ਕਿਹਾ ਜਾ ਸਕਦਾ ਹੈ।
