ਲੇਹ/ਨਵੀਂ ਦਿੱਲੀ (18 ਸਤੰਬਰ, 2014): ਭਾਰਤ ਦੀ ਯਾਤਰਾ ‘ਤੇ ਆਏ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੀਨੀ ਫੌਜ ਵੱਲੋਂ ਭਾਰਤ ਦੇ ਕਬਜ਼ੇ ਹੇਠਲੇ ਇਲਾਕੇ ‘ਚ ਕਥਿਤ ਘੁਸਪੈਠ ਦੇ ਮਸਲੇ ਨੂੰ ਉਠਾਉਣ ਤੋਂ ਕੁਝ ਸਮੇਂ ਬਾਅਦ ਹੀ ਚੀਨੀ ਸੈਨਿਕ ਜੋ ਲੱਦਾਖ ਦੇ ਚੁਮਾਰ ਇਲਾਕੇ ‘ਚ ਪਿਛਲੇ ਚਾਰ ਦਿਨਾਂ ਤੋਂ ਭਾਰਤੀ ਇਲਾਕੇ ‘ਚ ਡੇਰਾ ਲਾਈ ਬੈਠੇ ਸਨ, ਅੱਜ ਦੇਰ ਰਾਤ ਭਾਰਤੀ ਇਲਾਕੇ ‘ਚੋਂ ਪਿੱਛੇ ਹਟਣਾ ਸ਼ੁਰੂ ਹੋ ਗਏ ।
ਸੂਤਰਾਂ ਅਨੁਸਾਰ ਚੀਨੀ ਸੈਨਿਕਾਂ ਨੇ ਰਾਤ 9.45 ਵਜੇ ਭਾਰਤੀ ਇਲਾਕੇ ਨੂੰ ਛੱਡ ਕੇ ਆਪਣੇ ਇਲਾਕੇ ਵੱਲ ਮੁੜਨਾ ਸ਼ੁਰੂ ਕੀਤਾ।
ਭਾਰਤ ਤੇ ਚੀਨ ਵਿਚਕਾਰ ਉੱਚ ਪੱਧਰੀ ਗੱਲਬਾਤ ਤੋਂ ਪਹਿਲਾਂ ਚੀਨੀ ਫੌਜ ਨੇ ਇਕ ਵਾਰ ਫਿਰ ਭਾਰਤੀ ਕਬਜ਼ੇ ਵਾਲੇ ਇਲਾਕਿਆਂ ਵਿੱਚ ਕਥਿਤ ਘੁਸਪੈਠ ਕੀਤੀ।ਰਿਪੋਰਟ ਅਨੁਸਾਰ ਲੱਦਾਖ ਦੇ ਚੁਮਾਰ ਵਿਚ ਚੀਨੀ ਫੌਜ ਦੇ ਇਕ ਹਜ਼ਾਰ ਫੌਜੀ ਭਾਰਤੀ ਸਰਹੱਦ ਪਾਰ ਕਰਕੇ ਇਸ ਇਲਾਕੇ ਵਿਚ ਆ ਵੜੇ ਹਨ। ਇਸ ਨਾਲ ਇਲਾਕੇ ਵਿਚ ਤਣਾਅ ਹੋਰ ਵੱਧ ਗਿਆ ਹੈ। ਇਸ ਦੇ ਸਿੱਟੇ ਵਜੋਂ ਭਾਰਤ ਨੇ ਵੀ ਚੁਮਾਰ ਵਿਚ ਫੌਜ ਦੀ ਗਿਣਤੀ ਵਧਾ ਦਿੱਤੀ ਹੈ।
ਪੰਜਾਬੀ ਅਖਬਾਰ “ਅਜੀਤ” ਵਿੱਚ ਨਸ਼ਰ ਖ਼ਬਰ ਅਨੁਸਾਰ ਭਾਰਤ ਨੇ ਇਕ ਹਜ਼ਾਰ ਇੰਡੋ-ਤਿੱਬਤੀਅਨ ਬਾਰਡਰ ਫੋਰਸ (ਆਈ. ਟੀ. ਬੀ. ਪੀ.) ਤੇ ਇਕ ਹਜ਼ਾਰ ਸੈਨਾ ਦੇ ਜਵਾਨ ਤਾਇਨਾਤ ਕੀਤੇ ਹਨ ।ਭਾਰਤ ਤੇ ਚੀਨ ਦੇ ਫੌਜੀ ਜਵਾਨਾਂ ਵਿਚਕਾਰ ਧੱਕਾ-ਮੁੱਕੀ ਹੋਣ ਦੀਆਂ ਵੀ ਖ਼ਬਰਾਂ ਹਨ।
ਫੌਜੀ ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਚੁਮਾਰ ਖੇਤਰ ਵਿਚ 4 ਤੋਂ 5 ਕਿਲੋਮੀਟਰ ਅੰਦਰ ਆਏ ਚੀਨੀ ਫੌਜੀਆਂ ਨੂੰ ਪਹਿਲਾਂ ਵਾਲੇ ਥਾਂ ਤੋਂ ਥੋੜ੍ਹਾ ਪਿਛੇ ਖਦੇੜ ਦਿੱਤਾ ਹੈ। ਚੁਮਾਰ ਵਿਚ ਭਾਰਤੀ ਸਰਹੱਦ ‘ਤੇ ਮੌਜੂਦ ਝੁੱਗੀ ਨੂੰ ਲੈ ਕੇ ਤਣਾਅ ਬਣਿਆ ਹੋਇਆ ਸੀ ਤੇ ਇਸ ਨੂੰ ਹੋਰ ਵਧਾਉਂਦਿਆਂ ਚੀਨ ਨੇ ਅਸਲ ਕੰਟਰੋਲ ਰੇਖਾ ‘ਤੇ ਸਥਿਤ ਚੁਮਾਰ ਪਿੰਡ ਵਿਚ ਅੱਜ ਤੜਕੇ ਹੋਰ ਫੌਜੀਆਂ ਨੂੰ ਭੇਜ ਦਿੱਤਾ।
ਇਹ ਘਟਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਦੌਰੇ ‘ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਹੋਈ ਹੈ।ਸੂਤਰਾਂ ਅਨੁਸਾਰ ਚੀਨੀ ਫੌਜੀਆਂ ਵਲੋਂ ਭਾਰਤੀ ਫੌਜ ਨੂੰ ਇਲਾਕਾ ਛੱਡਣ ਲਈ ਕਹਿਣ ਵਾਲੇ ਬੈਨਰ ਚੁੱਕੇ ਹੋਏ ਸਨ।
ਦੋਵੇਂ ਫੌਜਾਂ ਇਕ-ਦੂਜੇ ਤੋਂ 200 ਮੀਟਰ ਦੀ ਦੂਰੀ ‘ਤੇ ਆਹਮੋ-ਸਾਹਮਣੇ ਹਨ।ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਮੁੱਚਾ ਘਟਨਾਕ੍ਰਮ ਐਤਵਾਰ ਨੂੰ ਉਸ ਸਮੇਂ ਹੋਇਆ ਜਦੋਂ ਭਾਰਤੀ ਫੌਜ ਨੇ ਚੁਮਾਰ ਇਲਾਕੇ ਵਿਚ ਚੀਨੀ ਫੌਜ ਵਲੋਂ ਇਕ ਨਿਰਮਾਣ ਗਤੀਵਿਧੀ ਦੇਖੀ।ਭਾਰਤੀ ਫੌਜ ਨੇ ਇਸ ਕੰਮ ਨੂੰ ਰੁਕਵਾ ਦਿੱਤਾ ਤੇ ਆਪਣੀ ਮੌਜੂਦਗੀ ਵਧਾ ਦਿੱਤੀ ਙ।
ਦੋਵੇਂ ਪੱਖ ਹੁਣ ਤੱਕ ਦੋ ਫਲੈਗ ਬੈਠਕਾਂ ਕਰ ਚੁੱਕੇ ਹਨ।ਕੱਲ੍ਹ ਇਸ ਸਬੰਧੀ ਦੋਵਾਂ ਦੇਸ਼ਾਂ ਵਿਚਾਲੇ ਲੰਮੀ ਚਰਚਾ ਵੀ ਹੋਈ ਜੋ ਬੇਨਤੀਜਾ ਰਹੀ ।ਚੁਮਾਰ ਵਿਚ ਮੌਜੂਦ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਫੌਜੀਆਂ ਦੀ ਗਿਣਤੀ ਹੁਣ 1 ਹਜ਼ਾਰ ਹੋ ਗਈ ਹੈ ।
ਵਰਣਨਯੋਗ ਹੈ ਕਿ ਲੇਹ ਤੋਂ 300 ਕਿਲੋਮੀਟਰ ਦੂਰ ਉੱਤਰ-ਪੂਰਬ ਵਿਚ ਸਥਿਤ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਚੁਮਾਰ ‘ਤੇ ਕਬਜ਼ੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਬਣਿਆ ਰਹਿੰਦਾ ਹੈ । ਪੀ. ਐੱਲ. ਏ. ਚੁਮਾਰ ਨੂੰ ਆਪਣਾ ਇਲਾਕਾ ਦੱਸਦੀ ਰਹੀ ਹੈ ਪਰ ਭਾਰਤੀ ਫੌਜ ਨੇ ਹਮੇਸ਼ਾਂ ਉਸ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ ।
ਸੂਤਰਾਂ ਅਨੁਸਾਰ ਚੀਨ ਆਪਣੇ ਪਾਸੇ ਵੱਲ ਵੀ ਨਿਰਮਾਣ ਦਾ ਕੰਮ ਕਰਵਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਦੇਮਚੌਕ ਵਿਚ ਵੀ ਰੇੜਕਾ ਜਾਰੀ ਹੈ ਜਿਥੇ ਚੀਨੀ ਖਾਨਾਬਦੋਸ਼ਾਂ (ਰੇਬੋਸ) ਨੇ ਆਪਣੇ ਤੰਬੂ ਭਾਰਤੀ ਸਰਹੱਦ ਤੋਂ 500 ਮੀਟਰ ਅੰਦਰ ਗੱਡ ਲਏ ਹਨ।