ਨਵੀਂ ਦਿੱਲੀ (18 ਸਤੰਬਰ, 2014): ਤਿੱਬਤ ਵਿੱਚ ਚੀਨੀ ਗੁਲਾਮੀ ਦਾ ਨਰਕ ਭੋਗਣ ਵਾਲੇ ਤਿੱਬਤੀਆਂ ਨੇ ਅੱਜ ਤਿੱਬਤ ਦੀ ਅਜ਼ਾਦੀ ਦੇ ਪੱਖ ਵਿੱਚ ਅਤੇ ਚੀਨ ਵੱਲੋਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਵਿਰੋਧ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਦੀ ਭਾਰਤੀ ਫੇਰੀ ਸਮੇਂ ਕਰੜਾ ਵਿਰੋਧ ਕੀਤਾ।
ਦੱਖਣੀ ਦਿੱਲੀ ਵਿਚ ਭਾਰੀ ਗਿਣਤੀ ਵਿਚ ਤਿੱਬਤੀ ਸ਼ਰਨਾਰਥੀਆਂ ਨੇ ਹੈਦਰਾਬਾਦ ਹਾਊਸ ਦੇ ਬਾਹਰ ਜਿਨਪਿੰਗ ਦੇ ਭਾਰਤ ਦੌਰੇ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਵੀ ਹੋਈ।

ਪ੍ਰਦਰਸ਼ਨਕਾਰੀ ਲਗਭਗ 11.45 ਵਜੇ ਇਮਾਰਤ ਦੇ ਗੇਟ ਨੰਬਰ 3 ਅੰਦਰ ਦਾਖਲ ਹੋਏ ਤੇ ਚੀਨ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਹੈਦਰਾਬਾਦ ਹਾਊਸ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਣ ਵਾਲੀ ਦੋ-ਪੱਖੀ ਗੱਲਬਾਤ ਦਾ ਸਥਾਨ ਸੀ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਤੇ ਆਖਰਕਾਰ ਭਿੜ ਗਏ।
ਪੁਲਿਸ ਉਨ੍ਹਾਂ ਨੂੰ ਗੇਟ ਵੱਲ ਜਾਣ ਤੋਂ ਰੋਕ ਰਹੀ ਸੀ।ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ । ਤਿੱਬਤੀਆਂ ਦੇ ਇਕ ਸਮੂਹ ਨੇ ਧੌਲਾਕੂਆਂ ਕੋਲ ਵੀ ਵਿਰੋਧ ਪ੍ਰਦਰਸ਼ਨ ਕੀਤਾ।