ਲੰਡਨ (16 ਅਪ੍ਰੈਲ, 2015): ਸਿੱਖ ਵਿਰੋਧੀ ਗਤੀਵਿਧੀਆਂ ਕਾਰਕੇ ਚਰਚਾ ਵਿੱਚ ਰਹਿਣ ਵਾਲੇ ਡੇਰੇ ਦਿਵਯ ਜਯੋਤੀ ਜਾਗਰਣ ਸੰਸਥਾ ਨੂਰਮਹਿਲ ਦੇ ਇੰਗਲੈਂਡ ਦੇ ਸ਼ਹਿਰ ਹੇਜ਼ ਵਿਚ ਸਥਾਪਿਤ ਡੇਰੇ ਦੀ ਪਿਛਲੇ ਸਾਲ 7 ਦਸੰਬਰ ਨੂੰ ਕੁਝ ਅਗਿਆਤ ਵਿਅਕਤੀਆਂ ਵੱਲੋਂ ਭੰਨ-ਤੋੜ ਕਰਦਿਆਂ ਉਥੇ ਮੌਜੂਦ ਡੇਰੇ ਦੇ ਪੈਰੋਕਾਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੇ ਸਾਊਥਾਲ ਨਿਵਾਸੀ ਨਿਰਮਲ ਸਿੰਘ ਸਮੇਤ ਲੈਸਟਰ ਅਤੇ ਬ੍ਰਮਿੰਘਮ ਦੇ ਰਹਿਣ ਵਾਲੇ ਕੁੱਲ 6 ਵਿਅਕਤੀਆਂ ਨੇ ਆਈਜ਼ਲਵਰਥ ਕਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਲਗਾਏ ਗਏ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ ਹੈ।

ਅਦਾਲਤ ਨੇ ਅਗਲੀ ਕਾਰਵਾਈ ਲਈ 26 ਤਰੀਕ ਨਿਸ਼ਚਿਤ ਕੀਤੀ ਹੈ ਅਤੇ ਇਸ ਕੇਸ ਦੀ ਸੁਣਵਾਈ ਅਗਲੇ ਚਾਰ ਹਫ਼ਤੇ ਚੱਲਣ ਦਾ ਅੰਦਾਜ਼ਾ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀ ਜ਼ਮਾਨਤਾਂ ‘ਤੇ ਹਨ ਅਤੇ ਬ੍ਰਮਿੰਘਮ ਦਾ ਰਹਿਣ ਵਾਲਾ ਇਕ ਵਿਅਕਤੀ ਅਜੇ ਵੀ ਹਿਰਾਸਤ ਵਿਚ ਹੈ।
ਅਦਾਲਤੀ ਸੁਣਵਾਈ ਮੌਕੇ ਪੁਲਿਸ ਵੱਲੋਂ ਨਾਮਜ਼ਦ ਕੀਤੇ ਵਿਅਕਤੀਆਂ ਤੋਂ ਇਲਾਵਾ ਯੂਨਾਈਟਿਡ ਖ਼ਾਲਸਾ ਦਲ ਯੂ. ਕੇ. ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਭੋਲਾ ਸਿੰਘ ਮੌਜੂਦ ਸਨ।
ਵਰਨਣਯੋਗ ਹੈ ਕਿ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਜੋਧਪੁਰ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਸੀ ਅਤੇ ਦੇਸ਼-ਵਿਦੇਸ਼ ਵਿਚ ਇਸ ਸੰਸਥਾ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਰੋਸ ਪ੍ਰਦਰਸ਼ਨ ਤੋਂ ਕੁਝ ਸਮਾਂ ਪਹਿਲਾਂ ਹੀ ਅਗਿਆਤ ਵਿਅਕਤੀਆਂ ਵੱਲੋਂ ਡੇਰੇ ਦੀ ਭੰਨ-ਤੋੜ ਕੀਤੀ ਅਤੇ ਮੌਜੂਦ ਵਿਅਕਤੀਆਂ ਨਾਲ ਮਾਰਕੁੱਟ ਕੀਤੀ।