ਲੰਡਨ (9 ਜੂਨ,2015): ਭਾਰਤ ਸਰਕਾਰ ਵਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਵਲੋਂ ਕੀਤਾ ਗਿਆ ਅੱਤ ਵਹਿਸ਼ੀ ਅੱਤਿਆਚਾਰ ਸਿੱਖ ਤਵਾਰੀਖ ਵਿੱਚ ਤੀਜੇ ਖੂਨੀ ਘੱਲੂਘਾਰੇ ਵਜੋਂ ਜਾਣਿਆਂ ਜਾਂਦਾ ਹੈ ਅਤੇ ਇਸ ਭਿਅੰਕਰ ਕਹਿਰ ਨੂੰ ਸਿੱਖ ਕੌਮ ਭੁਲਾਉਣ ਵਾਸਤੇ ਕਦੇ ਸੋਚ ਵੀ ਨਹੀਂ ਸਕਦੀ ।
ਇਸ ਕੌਮੀ ਦਰਦ ਅਤੇ ਜ਼ਖਮ ਨੂੰ ਸੂਰਜ ਬਣਾਉਂਦੀ ਹੋਈ, ਵੀਹਵੀਂ ਸਦੀ ਦੇ ਮਹਾਨ ਸਿੱਖ ,ਮਹਾਨ ਜਰਨੈਲ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਰਤੀ ਫੌਜ ਨਾਲ ਜੂਝ ਕੇ ਸ਼ਹੀਦ ਹੋਏ ਉਹਨਾਂ ਦੇ ਸਾਥੀ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਲਈ ਜੱਦੋ ਜਹਿਦ ਜਾਰੀ ਰੱਖੇਗੀ । ਇਸ ਦਾ ਪ੍ਰਤੱਖ ਪ੍ਰਮਾਣ ਲੰਡਨ ਵਿੱਚ ਹਜ਼ਾਰਾਂ ਦੇ ਕਰੀਬ ਸਿੰਘ,ਸਿੰਘਣੀਆਂ ਵਲੋਂ ਕੀਤੇ ਰੋਸ ਮੁਜਾਹਰਾ ਹੈ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ , ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਸਮੂਹ ਸਿੱਖ ਸੰਗਤਾਂ ,ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸੰਸਥਾਵਾਂ ਖਾਸ ਕਰਕੇ ਸਿੱਖ ਨੌਜਵਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਇਸ ਗੱਲ ਤੇ ਪੂਰਨ ਸੰਤੁਸ਼ਟੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਕਿ ਇੰਗਲੈਂਡ ਭਰ ਦੇ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਇਸ ਰੋਸ ਮੁਜਾਹਰੇ ਨੂੰ ਕਾਮਯਾਬ ਕਰਨ ਲਈ ਪੂਰਨ ਤੌਰ ਤੇ ਏਕਤਾ ਪ੍ਰਗਟਾਵਾ ਕੀਤਾ ਗਿਆ ।
ਜਿ਼ਕਰਯੋਗ ਹੈ ਕਿ ਇਸ ਵਾਰ ਭਾਰਤ ਸਰਕਾਰ ਨੇ ਅਸਿੱਧੇ ਢੰਗ ਨਾਲ ਇਸ ਰੋਸ ਮੁਜਾਹਰੇ ਨੂੰ ਬੰਦ ਕਰਵਾਉਣ ਲਈ ਰੁਕਾਵਟਾਂ ਖੜੀਆਂ ਕਰਵਾਈਆਂ ਸਨ ।ਪਰ ਸਿੱਖ ਸੰਗਤਾਂ ਨੇ ਸਾਰੀਆਂ ਹੀ ਅੜਚਨਾਂ ਨੂੰ ਦੂਰ ਕਰਦਿਆਂ ਇਸ ਨੂੰ ਵੱਡੀ ਪੱਧਰ ਤੇ ਕਾਮਯਾਬ ਕੀਤਾ ।
ਸਿੱਖ ਨੌਜਵਾਨਾਂ ਵਿੱਚ ਉਹੀ ਰੋਸ ,ਰੋਹ ਅਤੇ ਕੌਮੀ ਅਜਾਦੀ ਪ੍ਰਤੀ ਜ਼ਜ਼ਬਾ ਵੇਖਿਆ ਗਿਆ ਜਿਹੜਾ ਤੀਹ ਸਾਲ ਪਹਿਲਾਂ ਇੰਗਲੈਂਡ ਭਰ ਦੇ ਸਿੱਖਾਂ ਵਲੋੰ ਹਾਈਡ ਪਾਰਕ ਲੰਡਨ ਵਿੱਖੇ ਕੀਤੇ ਗਏ ਪਹਿਲੇ ਰੋਸ ਮੁਜਾਹਰੇ ਵਿੱਚ ਸੀ ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਭਾਈ ਅਮਰੀਕ ਸਿੰਘ ਗਿੱਲ , ਅਖੰਡ ਕੀਰਤਨੀ ਜਥਾ ਯੂ,ਕੇ ਭਾਈ ਬਲਬੀਰ ਸਿੰਘ ਜਥੇਦਾਰ ,ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ , ਯੂਨਾਈਟਿਡ ਖਾਲਸਾ ਦਲ ਯੂ,ਕੇ ਭਾਈ ਨਿਰਮਲ ਸਿੰਘ ਸੰਧੂ , ਬ੍ਰਿਟਿਸ਼ ਸਿੱਖ ਕੌਂਸਲ ਭਾਈ ਕੁਲਵੰਤ ਸਿੰਘ ਢੇਸੀ ,ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਬਲਵਿੰਦਰ ਸਿੰਘ ਚਹੇੜੂ, ਸ਼੍ਰੋਮਣੀ ਅਕਾਲੀ ਦਲ ਯੂ,ਕੇ ਭਾਈ ਗੁਰਦੇਵ ਸਿੰਘ ਚੌਹਾਨ , ਇੰਟਰਨੈਸ਼ਨਲ ਪੰਥਕ ਦਲ ਭਾਈ ਰਘਵੀਰ ਸਿੰਘ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਚੇਅਰਮੈਨ ਭਾਈ ਗੁਰਦਿਆਲ ਸਿੰਘ ਅਟਵਾਲ ,ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਭਾਈ ਮਹਿੰਦਰ ਸਿੰਘ ਰਠੌਰ ਵਲੋਂ ਸਿੱਖ ਸੰਗਤਾਂ ਨੂੰ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਸਦਾ ਹੀ ਤੱਤਪਰ ਰਹਿਣ ਲਈ ਸਨਿਮਰ ਅਪੀਲ ਕੀਤੀ ਗਈ ।
ਇੰਗਲੈਂਡ ਤੋਂ ਇਲਾਵਾ ਅਮਰੀਕਾ ,ਕੈਨੇਡਾ ,ਜਰਮਨੀ ਅਤੇ ਫਰਾਂਸ ਸਮੇਤ ਵੱਖ ਵੇੱਖ ਦੇਸ਼ਾਂ ਦੇ ਰੋਸ ਮੁਜਾਹਰੇ ਸਿੱਖ ਦੁਸ਼ਮਣਾਂ ਨੂੰ ਸਪੱਸ਼ਟ ਸੁਨੇਹਾ ਹੈ ਕਿ ਇਕੱਤੀ ਸਾਲ ਬੀਤ ਬਾਅਦ ਵੀ ਸਿੱਖ ਕੌਮ ਨੂੰ ਉੱਨਾਂ ਹੀ ਦਰਦ ਹੈ ਜਿੰਨਾ ਜੂਨ 1984 ਵਿੱਚ ਸੀ । ਇੰਗਲੈਂਡ ਭਰ ਦੀਆਂ ਸਿੱਖ ਸੰਗਤਾਂ ਨੇ 7 ਜੂਨ ਐਤਵਾਰ ਨੂੰ ਲੰਡਨ ਵਿਖੇ ਹੋਏ ਰੋਸ ਮੁਜਾਹਰੇ ਵਿੱਚ ਵੱਡੀ ਗਿਣਤੀ ਵਿੱਚ ਪੁੱਜ ਕੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਤ ਕੀਤੇ ਅਤੇ ਜਿਸ ਕਦਰ ਉਹਨਾਂ ਵਿੱਚ ਭਾਰਤ ਸਰਕਾਰ ਖਿਲਾਫ ਰੋਸ ਅਤੇ ਗੁੱਸਾ ਸੀ ਉਹ ਭਾਰਤ ਸਰਕਾਰ ਨੂੰ ਇੱਕ ਚਿਤਾਵਨੀ ਹੈ ਕਿ ਸਿੱਖ ਅਜਾਦ ਸਿੱਖ ਰਾਜ ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖਣਗੇ ।