ਅੰਮ੍ਰਿਤਸਰ: ਆਮ ਆਦਮੀ ਪਾਰਟੀ ਵਲੋਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨੌਜਵਾਨਾਂ ਵਾਸਤੇ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ। ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਇਸ ਨੂੰ ਜਾਰੀ ਕੀਤਾ। ਇਨ੍ਹਾਂ ਨੁਕਤਿਆਂ ਨੂੰ ਬੋਲਦਾ ਪੰਜਾਬ ਦੇ ਕੰਵਰ ਸੰਧੂ ਦੀ ਅਗਵਾਈ ਵਿਚ ਤਿਆਰ ਕੀਤਾ ਗਿਆ ਹੈ।

ਇਨ੍ਹਾਂ ਵਿਚ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਜਿਸ ਤਹਿਤ ਜਨ ਲੋਕਪਾਲ ਬਿਲ ਪਾਸ ਕਰਨਾ, ਭ੍ਰਿਸ਼ਟਾਚਾਰ ਖਿਲਾਫ ਜੰਗੀ ਪੱਧਰ ‘ਤੇ ਕਾਰਵਾਈ, ਸਮੁੱਚੇ ਸਰਕਾਰੀ ਢਾਂਚੇ ਦੀ ਮੁੜ ਉਸਾਰੀ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ।

- ਉਦਯੋਗਿਕ ਕਾਰੋਵਾਰ ਦਾ ਮੁੜ ਤੋਂ ਰਾਜ ਅਤੇ ਸਰਕਾਰ ਵਿਚ ਵਿਸ਼ਵਾਸ ਪੈਦਾ ਕਰਨਾ।
- ਰਾਜ ਵਿਚ ਘੱਟੋ-ਘੱਟ 25 ਲੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ।
- ਸਿਆਸੀ ਆਗੂਆਂ ਅਤੇ ਮਾਫੀਆ ਦੇ ਕਬਜ਼ੇ ਹੇਠ ਮੌਜੂਦਾ ‘ਠੇਕਾ’ ਸਿਸਟਮ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਠੇਕੇ ਦੇਣਾ।
- ਪੜ੍ਹਾਈ ਅਤੇ ਰੋਜ਼ਗਾਰ ਵਾਸਤੇ ਬਾਹਰ ਜਾਣ ਦੇ ਇੱਛੁਕ ਨੌਜਵਾਨਾਂ ਵਾਸਤੇ ‘ਵਿਦੇਸ਼ੀ ਰੋਜ਼ਗਾਰ ਨੌਜਵਾਨ ਬੋਰਡ’ ਦਾ ਗਠਨ।
- ਹਰ ਪਿੰਡ, ਸ਼ਹਿਰ ਅਤੇ ਸਰਕਾਰੀ ਕਾਲਜ ਵਿਚ ਮੁਫਤ ‘ਵਾਈ-ਫਾਈ ਹਾਟਸਪਾਟ’ ਦੀ ਸੁਵਿਧਾ।
- ਨਸ਼ਿਆਂ ਦੀ ‘ਸਪਲਾਈ ਚੇਨ’ ਦਾ ਇਕ ਮਹੀਨੇ ਵਿਚ ਸਫਾਇਆ। ਨਸ਼ਾ ਪੀੜਤਾਂ ਦਾ 6 ਮਹੀਨੇ ‘ਚ ਮੁੜ ਵਸੇਬਾ।
- ਹਰ ਪਿੰਡ ਵਿਚ ਇਕ ਆਧੁਨਿਕ ਪੇਂਡੂ ਸਿਹਤ ਕਲੀਨਿਕ, ਜਿੱਥੇ ਡਾਕਟਰ ਦੀ ਸਹੂਲਤ ਦੇ ਨਾਲ ਮੁਫਤ ਦਵਾਈਆਂ ਅਤੇ ਬਿਨਾਂ ਪੈਸੇ ਮੈਡੀਕਲ ਟੈਸਟ ਦਾ ਇੰਤਜ਼ਾਮ।
- ਪ੍ਰਾਈਵੇਟ ਸਕੂਲਾਂ ਨੂੰ ਅਨੁਸ਼ਾਸਨ ਹੇਠ ਲਿਆ ਕੇ ਮਨ-ਮਰਜ਼ੀ ਨਾਲ ਫੀਸ ‘ਚ ਵਾਧੇ ਕਰਨ ਤੋਂ ਰੋਕਣਾ।
- ਪੰਜਾਬ ਦੇ ਲੋਕਾਂ ‘ਤੇ ਅਕਾਲੀ-ਭਾਜਪਾ ਵਲੋਂ ਦਰਜ ਕੀਤੇ ਗਏ ਝੂਠੇ ਮੁਕੱਦਮੇ ਵਾਪਸ ਲੈਣੇ।
- ਸਿੱਖਿਆ ਖੇਤਰ ਉੱਤੇ ਵਿਸ਼ੇਸ਼ ਜ਼ੋਰ, ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ ਨਾਲੋਂ ਬਿਹਤਰ ਬਣਾਉਣਾ।
- ਉੱਚ ਸਿੱਖਿਆ ਗਰੰਟੀ ਸਕੀਮ ਤਹਿਤ 10 ਲੱਖ ਤਕ ਦਾ ਬਿਨਾਂ ਸ਼ਰਤ ਲੋਨ ਉਪਲੱਬਧ ਕਰਵਾਉਣਾ।
- ਸਰਕਾਰੀ ਨੌਕਰੀਆਂ ਵਾਸਤੇ ਅਰਜ਼ੀ ਫੀਸ ਨੂੰ ਖਤਮ ਕਰਨਾ, ਹਰ ਜ਼ਿਲ੍ਹਾ ਪੱਧਰ ‘ਤੇ ਪ੍ਰੀਖਿਆ ਕੇਂਦਰ ਬਣਾਉਣਾ।
- ਸੂਬੇ ਵਿਚ ਖੇਡਾਂ ਨੂੰ ਲੋਕ ਲਹਿਰ ਬਣਾਉਣਾ ਅਤੇ ‘ਪੰਜਾਬ ਓਲੰਪਿਕ ਮਿਸ਼ਨ’ ਦੀ ਉਸਾਰੀ ਨਾਲ ਓਲੰਪਿਕ ਖੇਡਾਂ ‘ਚ ਤਗਮਾ ਜੇਤੂ ਖਿਡਾਰੀ ਤਿਆਰ ਕਰਨਾ ਆਦਿ ਨੁਕਤੇ ਸ਼ਾਮਲ ਹਨ।