ਜਲੰਧਰ(20 ਮਾਰਚ, 2015): ਦੂਸ਼ਟ ਅਜੀਤ ਪੁਹਲੇ ਨੂੰ ਅੰਮ੍ਰਿਤਸਰ ਜੇਲ ਵਿੱਚ ਸੋਧਣ ਵਾਲੇ ਨਵਤੇਜ ਸਿੰਘ ਗੱਗੂ ਵੱਲੋਂ ਨਸ਼ਿਆਂ ਖਿਲਾਫ ਮਹਿੰਮ ਆਰੰਭ ਕੀਤੀ ਗਈ ਹੈ। ਜਿਸ ਤਹਿਤ ਉਨ੍ਹਾਂ ਨੇ ਗੁਰਦਾਸਪੁਰ ਜਿਲੇ ਨਾਲ ਸਬੰਧਿਤ ਨਸ਼ੇ ਦੇ ਵਾਪਾਰੀਆਂ ਦੇ ਨਾਂਵਾਂ ਨੂੰ ਨਸ਼ਰ ਕਰਨ ਲਈ ਵੱ-ਵੱਖ ਜਨਤਕ ਥਾਵਾਂ ‘ਤੇ ਵੱਡੇ ਵੱਡੇ ਫਲ਼ੈਕਸ ਬੋਰਡ ਲਾ ਦਿੱਤੇ ਹਨ।

ਗੱਗੂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ‘ਚ ਨਸ਼ਿਆਂ ਦੇ ਸੌਦਾਗਰਾਂ ਦੇ ਵੱਡੇ ਬੈਨਰ ਲਗਾ ਕੇ ਨਸ਼ਰ ਕਰਨ ਦੀ ਮੁਹਿੰਮ ਨੇ ਬਾਹਰਲੇ ਜ਼ਿਲ੍ਹਿਆਂ ਵਿਚ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ‘ਤੇ ਛਪੀ ਵਿਸ਼ੇਸ਼ ਰਿਪੋਰਟ ਨੂੰ ਪੜ੍ਹ ਕੇ ਲੋਕਾਂ ਨੇ ਵੱਡੀ ਪੱਧਰ ‘ਤੇ ਸਭ ਦਾ ਭਲਾ ਹਿਊਮੈਨਿਟੀ ਕਲੱਬ ਐਂਡ ਐਕਸ਼ਨ ਅਗੇਂਸਟ ਡਰੱਗ ਕਮੇਟੀ ਦੇ ਸੰਚਾਲਕਾਂ ਨੂੰ ਫੋਨ ਉੱਪਰ ਵੱਖ-ਵੱਖ ਜ਼ਿਲ੍ਹਿਆਂ ‘ਚ ਨਸ਼ੇ ਵੇਚਣ ਵਾਲਿਆਂ ਦੇ ਨਾਂਅ ਦੱਸੇ ਅਤੇ ਅਜਿਹੇ ਬੋਰਡ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਲਗਾਏ ਜਾਣ ਦੇ ਸੁਝਾਅ ਦਿੱਤੇ।
ਸੰਸਥਾ ਦੇ ਸੰਚਾਲਕ ਨਵਤੇਜ ਸਿੰਘ ਗੁੱਗੂ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਸ ਨੂੰ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਦੇ ਸੈਂਕੜੇ ਫੋਨ ਆਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਨਸ਼ਿਆਂ ਦੇ ਵਪਾਰੀਆਂ ਨੇ ਪੰਜਾਬ ਅੰਦਰ ਕਿਸ ਪੱਧਰ ‘ਤੇ ਜਾਲ ਫੈਲਾਅ ਰੱਖਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਨਸ਼ੇ ਵੇਚਣ ਵਾਲਿਆਂ ਦੇ ਨਾਂਅ ਜਨਤਕ ਤੌਰ ‘ਤੇ ਨਸ਼ਰ ਹੋਣ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਨਸ਼ਿਆਂ ਦੇ ਵਪਾਰ ਨੂੰ ਠੱਲ੍ਹ ਪੈਣੀ ਸ਼ੁਰੂ ਹੋ ਗਈ ਹੈ ਤੇ ਪੁਲਿਸ ਵੀ ਉਨ੍ਹਾਂ ਉੱਪਰ ਨਜ਼ਰ ਰੱਖਣ ਲੱਗ ਪਈ ਹੈ।
ਉਧਰ ਪੁਲਿਸ ਮੁਖੀ ਬਟਾਲਾ ਸ: ਇੰਦਰਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੇ 23 ਮਾਰਚ ਨੂੰ ਅੰਮ੍ਰਿਤਸਰ ਆਉਣ ਕਾਰਨ ਪੁਲਿਸ ਫੋਰਸ ਉਥੇ ਤਾਇਨਾਤ ਹੈ, ਜਿਸ ਕਰਕੇ ਫਿਲਹਾਲ ਨਸ਼ਰ ਹੋਏ ਨਾਵਾਂ ਵਾਲਿਆਂ ਦੀ ਪੜਤਾਲ ਆਰੰਭ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਉੱਪਰ ਸਖ਼ਤ ਨਿਗ੍ਹਾ ਰੱਖੇਗੀ।