ਪੇਸ਼ਾਵਰ ( 14 ਸਤੰਬਰ, 2014): ਅਣਪਛਾਤੇ ਹਮਲਾਵਰਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿੱਖ ਹੁਣ ਪਾਕਿਸਤਾਨ ਛੱਡਕੇ ਕਿਸੇ ਹੋਰ ਜਗਾਂ ਪਨਾਹ ਲੈਣ ਬਾਰੇ ਸੋਚ ਰਹੇ ਹਨ। ਪਾਕਿਸਤਾਨ ‘ਚ ਸਦੀਆਂ ਤੋਂ ਰਹਿ ਰਿਹਾ ਸਿੱਖ ਭਾਈਚਾਰਾ ਪਿਛਲੇ ਕੁਝ ਚਿਰ ਤੋਂ ਲਗਾਤਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ।
ਪੇਸ਼ਾਵਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਰਹਿੰਦੇ ਸਿੱਖ ਅਣਪਛਾਤੇ ਹਮਲਾਵਰਾਂ ਦੇ ਨਿਸ਼ਾਨੇ ‘ਤੇ ਹਨ। ਪੇਸ਼ਾਵਰ ਦੇ ਨੌਥੀਆ ਇਲਾਕੇ ‘ਚ ਆਪਣੇ ਪਿਤਾ ਨਾਲ ਕੱਪੜੇ ਦੀ ਦੁਕਾਨ ਚਲਾਉਂਦੇ ਹਰਜੀਤ ਸਿੰਘ ਨੂੰ 6 ਸਤੰਬਰ ਨੂੰ ਮੋਟਰਸਾਈਕਲ ‘ਤੇ ਆਏ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ।
ਇੱਕ ਮਹੀਨਾ ਪਹਿਲਾਂ ਇਸੇ ਤਰ੍ਹਾਂ ਪੇਸ਼ਾਵਰ ‘ਚ ਤਿੰਨ ਸਿੱਖ ਵਪਾਰੀਆਂ ‘ਤੇ ਉਨ੍ਹਾਂ ਦੀ ਦੁਕਾਨ ‘ਤੇ ਹਮਲਾ ਕੀਤਾ ਗਿਆ, ਜਿਸ ‘ਚ ਇੱਕ ਵਿਅਕਤੀ ਬਚ ਗਿਆ, ਜਦਕਿ ਇੱਕ ਹੋਰ ਸਿੱਖ ਵਪਾਰੀ ਗਗਨ ਸਿੰਘ ਪੇਸ਼ਾਵਰ ਤੋਂ 40 ਕਿਲੋਮੀਟਰ ਦੂਰ ਜ਼ਿਲ੍ਹਾ ਮਰਦਾਨ ‘ਚ ਆਪਣੀ ਦੁਕਾਨ ਅੰਦਰ ਮੁਰਦਾ ਪਾਇਆ ਗਿਆ।
ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਮ ਹਮਲੇ ਨਹੀਂ, ਸਗੋਂ ਫਿਰਕੂ ਅਧਾਰ ‘ਤੇ ਕੀਤੇ ਗਏ ਹਮਲੇ ਸਨ, ਪਰ ਅਜੇ ਇਹ ਕਹਿ ਸਕਣਾ ਬਹੁਤ ਮੁਸ਼ਕਲ ਹੈ ਕਿ ਹਮਲਿਆਂ ਪਿਛੇ ਕਿਹੜੇ ਲੋਕਾਂ ਦਾ ਹੱਥ ਹੈ।
ਇੱਕ ਸਥਾਨਕ ਸਿੱਖ ਗਗਨ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਜਥੇਬੰਦੀ ਨੇ ਸਿੱਖਾਂ ‘ਤੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਅਤੇ ਨਾ ਹੀ ਸਿੱਖਾਂ ਨੂੰ ਇਸ ਤੋਂ ਪਹਿਲਾਂ ਕਦੇ ਕੋਈ ਧਮਕੀ ਮਿਲੀ ਹੈ ਅਤੇ ਇਹੋ ਗੱਲ ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰ ਰਹੀ ਹੈ। ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਇਹਨਾਂ ਹਮਲਿਆਂ ਪਿਛੇ ਆਖਰ ਕੌਣ ਹੈ।
ਜ਼ਿਕਰਯੋਗ ਹੈ ਕਿ ਸਿੱਖ ਇੱਥੋਂ ਦੇ ਸਮਾਜਕ ਤਾਣੇ-ਬਾਣੇ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਵੱਡੇ ਬਜ਼ੁਰਗ ਇਲਾਕੇ ‘ਚ ਫੈਸਲੇ ਲੈਣ ਵਾਲੀ ਪੰਚਾਇਤ ਜਿਰਗਾ ‘ਚ ਵੀ ਸ਼ਾਮਲ ਹੁੰਦੇ ਸਨ, ਪਰ 9/11 ਦੇ ਹਮਲੇ ਮਗਰੋਂ ਕਬਾਇਲੀ ਇਲਾਕੇ ਇਸਲਾਮੀ ਖਾੜਕੂਆਂ ਦੇ ਅੱਡੇ ਬਣ ਗਏ ਅਤੇ ਮੰਗਲਬਾਗ ਨਾਮੀ ਇੱਕ ਕਮਾਂਡਰ ਨੇ ਸਿੱਖਾਂ ਨੂੰ ਧਮਕੀ ਦਿੱਤੀ ਅਤੇ ਗ਼ੈਰ-ਸਿੱਖਾਂ ‘ਤੇ ਲਾਗੂ ਕੀਤੇ ਗਏ ਤੇ ਟੈਕਸ ਭਰਨ ਲਈ ਮਜਬੂਰ ਕੀਤਾ। ਹਾਲਾਤ ਔਖੇ ਹੋ ਜਾਣ ‘ਤੇ ਸਿੱਖ ਕਬਾਇਲੀ ਇਲਾਕਿਆਂ ਤੋਂ ਪਲਾਇਨ ਕਰਕੇ ਪੇਸ਼ਾਵਰ ਚਲੇ ਗਏ।