ਕੁੱਲੂ (18 ਅਗਸਤ, 2015): ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿਚ ਗੁਰਦੁਆਰਾ ਮਨੀਕਰਨ ਸਾਹਿਬ ਦੀ ਸਰਾਂ ਉੱਪਰ ਚਟਾਨਾਂ ਡਿਗਣ ਨਾਲ 10 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ ।
ਜ਼ਖ਼ਮੀਆਂ ਨੂੰ ਇਲਾਜ ਲਈ ਜ਼ੋਨਲ ਹਸਪਤਾਲ ਕੁੱਲੂ ਵਿਖੇ ਦਾਖਲ ਕਰਵਾਇਆ ਗਿਆ ਹੈ । ਦੋ ਜ਼ਖ਼ਮੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਹੈ । ਮਰਨ ਵਾਲੇ ਸਾਰੇ ਵਿਅਕਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਨਾਲ ਸਬੰਧਤ ਹਨ ।

ਪੰਜਾਬੀ ਅਖਬਾਰ ਅਜ਼ੀਤ ਅਨੁਸਾਰ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ ਦੋ ਵਜੇ ਦੇ ਲਗਪਗ ਗੁਰਦਾਆਰਾ ਸਾਹਿਬ ਦੀ ਪਿਛਲੇ ਪਾਸੇ ਵਾਲੀ ਪਹਾੜੀ ਤੋਂ ਅਚਾਨਕ ਢਿਗਾਂ ਡਿਗਣੀਆਂ ਸ਼ੁਰੂ ਹੋ ਗਈਆਂ ਅਤੇ ਵੱਡੀਆਂ ਚਟਾਨਾਂ ਗੁਰਦੁਆਰੇ ਦੀ ਸਰਾਂ ਉੱਪਰ ਡਿਗ ਪਈਆਂ । ਚਟਾਨਾਂ ਸਰਾਂ ਦੀ ਇਮਾਰਤ ਦੇ ਵਿਚਕਾਰ ਛੱਤ ‘ਤੇ ਡਿਗੀਆਂ ਅਤੇ ਪੂਰੀ ਇਮਾਰਤ ਨੂੰ ਤੋੜ ਕੇ ਦੋ ਹਿੱਸਿਆਂ ‘ਚ ਵੰਡਦੀਆਂ ਹੋਈਆਂ ਹੇਠਲੀ ਮੰਜ਼ਿਲ ਨੂੰ ਤਬਾਹ ਕਰਕੇ ਪਾਰਬਤੀ ਨਦੀ ਵਿਚ ਜਾ ਡਿੱਗੀਆਂ ।
ਹਾਦਸਾ ਏਨਾ ਭਿਆਨਕ ਸੀ ਕਿ ਸਰਾਂ ਵਿਚ ਠਹਿਰੇ ਸ਼ਰਧਾਲੂਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ । ਦੁਰਘਟਨਾ ਪਿੱਛੋਂ ਮਨੀਕਰਨ ਬਾਜ਼ਾਰ ਵਿਚ ਹਾਹਾਕਾਰ ਮਚ ਗਈ ਅਤੇ ਸਾਰੇ ਲੋਕ ਆਪਣੀਆਂ ਦੁਕਾਨਾਂ ਅਤੇ ਘਰਾਂ ਨੂੰ ਛੱਡ ਕੇ ਗੁਰਦੁਆਰੇ ਵੱਲ ਭੱਜੇ ।
ਗੁਰਦੁਆਰਾ ਸਾਹਿਬ ਦੀ ਸਰਾਂ ਉੱਪਰ ਡਿਗਣ ਵਾਲੀ ਚਟਾਨ ਲਗਪਗ ਡੇਢ ਕਿਲੋਮੀਟਰ ਦੀ ਉਚਾਈ ਤੋਂ ਏਨੀ ਤੇਜ਼ੀ ਨਾਲ ਆਈ ਕਿ ਉਸ ਨੇ ਸਰਾਂ ਦੀ ਇਮਾਰਤ ਦੇ ਅਗਲੇ ਹਿੱਸੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ।
ਸਰਾਂ ਵਿਚ ਸੰਗਰੂਰ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ ਦੇ ਲਗਪਗ 36 ਸ਼ਰਧਾਲੂਆਂ ਦਾ ਜਥਾ ਠਹਿਰਿਆ ਹੋਇਆ ਸੀ ਜਿਹੜੇ 17 ਅਗਸਤ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਸਨ । ਮਿ੍ਤਕਾਂ ਦੀ ਗਿਣਤੀ ਵਧਣ ਦਾ ਸ਼ੱਕ ਹੈ ਕਿਉਂਕਿ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਹੇਠ ਹੋਰ ਵਿਅਕਤੀ ਦੱਬੇ ਹੋ ਸਕਦੇ ਹਨ । ਕੁਝ ਸ਼ਰਧਾਲੂਆਂ ਦੇ ਪਾਰਬਤੀ ਨਦੀ ਵਿਚ ਵਹਿ ਜਾਣ ਦਾ ਵੀ ਖਦਸ਼ਾ ਹੈ ।ਹਾਲ ਦੀ ਘੜੀ ਰਾਹਤ ਤੇ ਬਚਾਅ ਕਾਰਜ ਜਾਰੀ ਹਨ ।
ਗੁਰਦੁਆਰਾ ਸਾਹਿਬ ਦੇ ਰਜਿਸਟਰ ਵਿਚ ਕੇਵਲ ਇਕ ਵਿਅਕਤੀ ਦਾ ਨਾਂਅ ਦਰਜ ਹੈ । ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ. ਡੀ. ਐਮ. ਵਿਨੇ ਸਿੰਘ ਠਾਕੁਰ, ਏ. ਐਸ. ਪੀ. ਨਿਸ਼ੰਤ ਨੇਗੀ, ਐਸ ਡੀ. ਐਮ. ਰੋਹਿਤ ਰਾਠੋਰ ਸਮੇਤ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ ।
ਪੁਲਿਸ ਅਤੇ ਹੋਮਗਾਰਡ ਦੇ ਜਵਾਨਾਂ ਤੋਂ ਇਲਾਵਾ ਐਨ. ਡੀ. ਆਰ. ਐਫ. ਅਤੇ ਸਰਹੱਦੀ ਸੁਰੱਖਿਆ ਬਲਾਂ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜਾਂ ਵਿਚ ਜੁਟ ਗਈਆਂ ਹਨ ।
ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ, ਸੰਸਦ ਮੈਂਬਰ ਰਾਮਸਵਰੂਪ ਸ਼ਰਮਾ, ਭਾਜਪਾ ਦੇ ਸੂਬਾ ਇਕਾਈ ਦੇ ਉਪ ਪ੍ਰਧਾਨ ਰਾਮ ਸਿੰਘ, ਸਾਬਕਾ ਬਾਗਬਾਨੀ ਮੰਤਰੀ ਠਾਕੁਰ ਸਤਿਆ ਪ੍ਰਕਾਸ਼ ਤੇ ਕਾਂਗਰਸ ਦੇ ਉਪ ਪ੍ਰਧਾਨ ਸੁੰਦਰ ਠਾਕੁਰ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ।
ਇਹ ਸਾਰੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਦੇ ਵਾਸੀ ਹਨ ਅਤੇ ਮੋਟਰ ਸਾਈਕਲਾਂ ‘ਤੇ ਗੁਰਦੁਆਰਾ ਮਨੀਕਰਨ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸਨ । ਗੰਭੀਰ ਰੂਪ ਵਿਚ ਜ਼ਖ਼ਮੀ ਗੁਰਵਿੰਦਰ ਸਿੰਘ ਅਤੇ ਇਕ ਹੋਰ ਜ਼ਖ਼ਮੀ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਭੇਜਿਆ ਗਿਆ ਹੈ ।
ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਦੇ ਤੌਰ ‘ਤੇ ਉਨ੍ਹਾਂ ਨੂੰ 15-15 ਹਜ਼ਾਰ ਰੁਪਏ ਜਦਕਿ ਬਾਕੀ ਜ਼ਖ਼ਮੀਆਂ ਨੂੰ 10-10 ਹਜ਼ਾਰ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਗਈ ਹੈ । ਮਾਮੂਲੀ ਜ਼ਖ਼ਮੀਆਂ ਨੂੰ ਵੀ ਪੰਜ-ਪੰਜ ਹਜ਼ਾਰ ਅਤੇ ਤਿੰਨ-ਤਿੰਨ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ । ਚਟਾਨਾਂ ਖਿਸਕਣ ਨਾਲ ਗੁਰਦੁਆਰਾ ਸਾਹਿਬ ਦੀ ਸਰਾਂ ਤੋਂ ਇਲਾਵਾ ਇਕ ਮਕਾਨ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ ।