ਚੰਡੀਗੜ੍ਹ: ਸਿਆਸੀ ਸਿੱਖ ਬੰਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਕੇਸਾਂ ਦੀ ਸਥਿਤੀ ਜਾਣਨ ਲਈ ਮੋਹਾਲੀ ਅਦਾਲਤ ‘ਚ ਪਹੁੰਚ ਕੀਤੀ ਹੈ।
ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਵਲੋਂ 1 ਮਾਰਚ, 2017 ਨੂੰ ਦਾਇਰ ਅਰਜ਼ੀ ਤੋਂ ਬਾਅਦ ਸੀ.ਜੇ.ਐਮ. ਮੋਹਾਲੀ ਵਿਪਿੰਦਰ ਕੌਰ ਨੇ ਥਾਣਾ ਸੋਹਾਣਾ ਦੀ ਪੁਲਿਸ ਤੋਂ 11 ਸਾਲ ਪੁਰਾਣੇ ਕੇਸ ਦੀ ਮੌਜੂਦਾ ਸਥਿਤੀ ਜਾਣਨ ਲਈ 18 ਮਾਰਚ, 2018 ਨੂੰ ਰਿਪੋਰਟ ਮੰਗੀ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਵੀਡੀਓ ਗੱਲਬਾਤ ‘ਚ ਦੱਸਿਆ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਗਜ਼ਾਂ ‘ਚ ਬੋਲਦੇ ਉਨ੍ਹਾਂ ਦੇ ‘ਬਕਾਇਆ’ (Pending) ਕੇਸਾਂ ਬਾਰੇ ਦੱਸਿਆ। ਇਸ ਕਰਕੇ ਧੂਰੀ (ਸੰਗਰੂਰ) ਅਦਾਲਤ ਵਿਚ ਵੀ ਕੇਸ ਦੀ ‘ਸਟੇਟਸ ਰਿਪੋਰਟ’ ਜਾਣਨ ਲਈ ਅਰਜ਼ੀ ਦਾਖਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੋਹਾਣਾ ਪੁਲਿਸ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਂ ‘ਤੇ ਐਫ.ਆਈ.ਆਰ. ਨੰ: 31/ 1998 ਤਹਿਤ ਕੇਸ ਦਰਜ ਕੀਤਾ ਸੀ ਜਿਸ ਵਿਚ ਧਾਰਾ 124-ਏ ਅਤੇ 153-ਏ ਲਾਈਆਂ ਗਈਆਂ ਸਨ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਇਕ ਹੋਰ ਕੇਸ, ਜੋ ਕਿ ਖਰੜ ਪੁਲਿਸ ਨੇ ਦਰਜ ਕੀਤਾ ਸੀ ਉਸਦੀ ਸਥਿਤੀ ਰਿਪੋਰਟ ਲਈ ਵੀ ਜੱਜ ਏਕਤਾ ਉੱਪਲ (ਜੂਨੀਅਰ ਮਜਿਸਟ੍ਰੇਟ ਪਹਿਲਾ ਦਰਜਾ) ਦੀ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਗਈ ਹੈ। ਜੱਜ ਨੇ ਇਸ ਲਈ ਵੀ ਪੁਲਿਸ ਤੋਂ 18 ਮਾਰਚ 2017 ਨੂੰ ‘ਸਟੇਟਸ ਰਿਪੋਰਟ’ ਮੰਗਵਾਈ ਹੈ।
ਦੇਖੋ ਸਬੰਧਤ ਵੀਡੀਓ: