ਬਠਿੰਡਾ: ਪੰਜਾਬ ਪੁਲਿਸ ਵਲੋਂ ਤਲਵੰਡੀ ਸਾਬੋ ਵਿਖੇ ਦਫਤਰ ਖੋਲ੍ਹਣ ਤੋਂ ਰੋਕਣ ਮਗਰੋਂ ਕਾਰਜਕਾਰੀ ਜਥੇਦਾਰਾਂ ਨੇ ਪੰਜਾਬ ਹਰਿਆਣਾ ਬਾਰਡਰ ਦੇ ਨੇੜੇ ਪਿੰਡ ਦਾਦੂ ਵਿਖੇ ਆਰਜ਼ੀ ਦਫਤਰ ਖੋਲ੍ਹ ਲਿਆ ਹੈ। ਦਮਦਮਾ ਸਾਹਿਬ ਤੋਂ 18 ਕਿਲੋਮੀਟਰ ਦੂਰ ਹਰਿਆਣਾ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ‘ਚ ਇਹ ਦਫਤਰ ਖੋਲ੍ਹਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਕਾਰਜਕਾਰੀ ਜਥੇਦਾਰਾਂ ਵਲੋਂ ਤਲਵੰਡੀ ਸਾਬੋ ਵਿਚ 10 ਨਵੰਬਰ ਨੂੰ ਦੂਜਾ ‘ਸਰਬੱਤ ਖ਼ਾਲਸਾ’ ਸੱਦਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਦੇ ਤਾਲਮੇਲ ਲਈ ਤਲਵੰਡੀ ਸਾਬੋ ਦੇ ਗੁਰਦੁਆਰਾ ਗੁਰਪ੍ਰਕਾਸ਼ ਗੁਰਮਤਿ ਟਕਸਾਲ ਵਿਚ ਕੰਟਰੋਲ ਰੂਮ ਸਥਾਪਤ ਕੀਤਾ ਜਾਣਾ ਸੀ। ਪੁਲਿਸ ਦੀ ਸਖਤੀ ਦੇ ਬਾਵਜੂਦ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਯੁਨਾਇਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਵੱਸਣ ਸਿੰਘ ਜ਼ਫਰਵਾਲ, ਸਤਨਾਮ ਸਿੰਘ ਮਨਾਵਾਂ, ਬਾਬਾ ਅਮਰਜੀਤ ਸਿੰਘ ਦਮਦਮੀ ਟਕਸਾਲ, ਗੁਰਦੀਪ ਸਿੰਘ ਬਠਿੰਡਾ, ਬਾਬਾ ਜਗਰੂਪ ਸਿੰਘ, ਚਮਕੌਰ ਸਿੰਘ ਭਾਈਰੂਪਾ ਪਿੰਡ ਦਾਦੂ ਵਿਚ ਪੁੱਜਣ ਵਿਚ ਕਾਮਯਾਬ ਰਹੇ।
ਜ਼ਿਲ੍ਹਾ ਪੁਲਿਸ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਨੂੰ ਅੱਜ ਉਨ੍ਹਾਂ ਦੀ ਬਠਿੰਡਾ ਸਥਿਤ ਰਿਹਾਇਸ਼ ‘ਤੇ ਹੀ ਨਜ਼ਰਬੰਦ ਰੱਖਿਆ।
ਬਠਿੰਡਾ ਤੇ ਮਾਨਸਾ ਵਿਚ ਮਾਨ ਅਤੇ ਯੂਨਾਇਟਿਡ ਦਲ ਦੇ ਕਈ ਆਗੂ ਹਿਰਾਸਤ ਵਿਚ ਲਏ ਗਏ। ਇਸ ਪਿਛੋਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਪਿੰਡ ਦਾਦੂ ਵਿਖੇ ਇਕੱਠੇ ਹੋ ਕੇ ਅਗਲੇ ਪ੍ਰੋਗਰਾਮਾਂ ਸਬੰਧੀ ਵਿਚਾਰਾਂ ਕੀਤੀਆਂ। ਭਾਈ ਦਾਦੂਵਾਲ ਨੇ ਕਿਹਾ ਕਿ ਸਰਕਾਰ ਦਹਿਸ਼ਤ ਪੈਦਾ ਕਰਕੇ ਇਕ ਧਾਰਮਿਕ ਦਫਤਰ ਵੀ ਨਹੀਂ ਖੋਲ੍ਹਣ ਦਿੱਤਾ, ਜੋ ਧਾਰਮਿਕ ਮਾਮਲਿਆਂ ‘ਚ ਸਿੱਧੀ ਦਖਲਅੰਦਾਜ਼ੀ ਹੈ।