ਨਵੀਂ ਦਿੱਲੀ(18 ਮਾਰਚ, 2015): ਪੰਜਾਬ ਦੀ ਧਰਤੀ ’ਤੇ ਸਿੱਖਾਂ ਨੂਮ ਖਾੜਕੂ ਲਹਿਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੇ ਹੁਣੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਕੈਲੰਡਰ ਦਾ ਵਿਰੋਧ ਕੀਤਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਇਸ ਕੈਲੰਡਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਏ. ਐਸ. ਵੈਦਿਆ ਨੂੰ ਮਾਰਨ ਵਾਲੇ ਸਿੱਖਾਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਨੂੰ ‘ਸ਼ਹਾਦਤ ਦਿਵਸ’ ਵਜੋਂ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਬੇਅੰਤ ਸਿੰਘ ਦੇ ਪੋਤੇ ਰਵਨਤੀ ਬਿੱਟੂ ਵੱਲੋਂ ਭੜਕਾਈ ਕਾਂਗਰਸ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੰਜਾਬ ਦੀ ਬਾਦਲ -ਭਾਜਪਾ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੱਖੀ ਆਲੋਚਨਾ ਕੀਤੀ।
ਸੰਸਦ ਵਿੱਚ ਹਾਜ਼ਰ ਬਾਦਲ ਦਲ ਦੇ ਨੁਮਾਂਇਦਿਆਂ ਨੇ ਕਿਹਾ ਕਿ ਉਨਾਂ ਦੀ ਪਾਰਟੀ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਾਂਗਰਸ ਦੇ ਮੈਂਬਰਾਂ ਨੇ ਇਹ ਮੁੱਦਾ ਦੋਵਾਂ ਸਦਨਾਂ ਵਿੱਚ ਉਠਾਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਰਾਜ ਸਰਕਾਰ ਨੂੰ ਹੁਕਮ ਦੇਣ ਕਿ ਸ਼੍ਰੋਮਣੀ ਕਮੇਟੀ ਇਹ ਕੈਲੰਡਰ ਵਾਪਸ ਲਏ।
ਭਾਜਪਾ ਦੀ ਕੇਂਦਰ ਸਰਕਾਰ ਨੇ ਵੀ ਕਾਂਗਰਸੀਆਂ ਦੀ ਸੁਰ ਵਿੱਚ ਸੁਰ ਮਿਲਾਉਦਿਆਂ ਕਿਹਾ ਹੈ ਕਿ ਉਹ ਅਜਿਹੀ ਕਿਸੇ ਵੀ ਯੋਜਨਾ ਦੇ ਖ਼ਿਲਾਫ਼ ਹੈ। ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਕਾਂਗਰਸ ਦੇ ਅਸ਼ਵਨੀ ਕੁਮਾਰ ਨੇ ਇਹ ਮਾਮਲਾ ਉਠਾਇਆ ਸੀ।
ਦੂਜੇ ਪਾਸੇ ਲੋਕ ਸਭਾ ਵਿੱਚ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਮੁੱਦਾ ਚੁੱਕਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਕੈਲੰਡਰ ਨੂੰ ਗੈਰਕਾਨੂੰਨੀ ਕਰਾਰ ਦੇਵੇ। ਉਨ੍ਹਾਂ ਕਿਹਾ ਕਿ ਰਾਜ ਵਿੱਚ ਗੱਠਜੋੜ ਸਰਕਾਰ ਵਿੱਚ ਭਾਜਪਾ ਭਾਈਵਾਲ ਹੈ ਤੇ ਉਸ ਦੀ ਸਹਿਮਤੀ ਬਗੈਰ ਕੈਲੰਡਰ ਜਾਰੀ ਨਹੀਂ ਹੋਇਆ ਹੋ ਸਕਦਾ।
ਇਸ ਮੌਕੇ ਕੇਂਦਰ ਸਰਕਾਰ ਵੱਲੋਂ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ, ‘‘ਇਹ ਬਹੁਤ ਗੰਭੀਰ ਮਾਮਲਾ ਹੈ ਤੇ ਨਾ ਭਾਜਪਾ ਤੇ ਨਾ ਹੀ ਕੇਂਦਰ ਸਰਕਾਰ ਅਜਿਹੇ ਲੋਕਾਂ ਨੂੰ ਆਪਣੀ ਮਨਜ਼ੂਰੀ ਦਿੰਦੀ ਹੈ। ਅਸੀਂ ਇਸ ਦੇ ਖ਼ਿਲਾਫ਼ ਹਾਂ।’’ ਇਸ ਮੌਕੇ ਰਾਜ ਸਭਾ ਵਿੱਚ ਕਾਂਗਰਸ ਤੇ ਸੱਤਾਧਾਰੀ ਮੈਂਬਰਾਂ ਵਿਚਾਲੇ ਤਿੱਖੀ ਝੱੜਪ ਹੋਈ। ਬਾਦਲ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, ‘‘ਇਹ ਦੋਸ਼ ਸਰਾਸਰ ਗਲਤ ਹੈ ਕਿ ਸਾਡੀ ਪਾਰਟੀ ਅਜਿਹੇ ਕਿਸੇ ਕਦਮ ਨੂੰ ਉਤਸ਼ਾਹਤ ਕਰ ਰਹੀ ਹੈ। ਬਾਦਲ ਦਲ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।