ਸ਼੍ਰੀ ਨਗਰ( 14 ਅਕਤੂਬਰ, 2014): ਆਲ ਪਾਰਟੀ ਹੂਰੀਅਤ ਕਾਨਫਰੰਸ ਦੇ ਮੁੱਖੀ ਸਈਅਦ ਅਲੀ ਸ਼ਾਹ ਜਿਲਾਨੀ ਨੇ ਮੰਗਲਵਾਰ ਜੰਮੂ ਕਸ਼ਮੀਰ ਵਿੱਚ ਹੜਾਂ ਦੀ ਮਾਰ ਝੱਲ ਰਹੇ ਕਸ਼ਮੀਰੀ ਲੋਕਾਂ ਦੀ ਸਿੱਖਾਂ ਵੱਲੋਂ ਕੀਤੀ ਮੱਦਦ ਲਈ ਸਿੱਖ ਕੌਮ ਦਾ ਧੰਨਵਾਦ ਕੀਤਾ ਹੈ।
ਬੁਜ਼ਰਗ ਕਸ਼ਮੀਰੀ ਆਗੂ ਨੇ ਉਨ੍ਹਾਂ ਸਾਰੀਆਂ ਸਿੱਖ ਸੰਸਥਾਵਾਂ ਅਤੇ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੜਾਂ ਦੀ ਤਬਾਹੀ ਤੋਂ ਬਾਅਦ ਰਾਹਤ ਸਮੱਗਰੀ ਭੇਜੀ ਅਤੇ ਕਸ਼ਮੀਰੀਆਂ ਦੀ ਸਹਾਇਤਾ ਕੀਤੀ।
ਜੰਮੂ ਕਸ਼ਮੀਰ ਵਿੱਚ ਵਰਤੀ ਕੁਦਰਤੀ ਕਰੋਪੀ ਦੇ ਪੀੜਤਾਂ ਦੇ ਬਚਾਅ ਅਤੇ ਸਹਾਇਤਾ ਲਈ ਜਿਸ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਅੱਗੇ ਆਈਆਂ ਹਨ ਉਸਨੇ ਵਿਸ਼ਵ ਭਰ ਵਿੱਚ ਸਿੱਖ ਕੌਮ ਦਾ ਸਿਰ ਫਖਰ ਨਾਲ ਉੱਚਾ ਕਰਨ ਦੇ ਨਾਲ ਨਾਲ ਇਹ ਕੁਝ ਲੋਕਾਂ ਦੇ ਅੰਦਰਲਾ ਇਹ ਭਰਮ ਵੀ ਦੂਰ ਕਰ ਦਿੱਤਾ ਹੈ ਕਿ ਸਿੱਖ,ਆਪਣੇ ਅਤੀਤ ਵਾਂਗ ਅੱਜ ਵੀ ਸਰਬੱਤ ਦੇ ਭਲੇ ਅਤੇ ਧਰਮਾਂ ਦੀ ਸਹਿਹੋਂਦ ਦੀ ਮੁੱਦਈ ਹਨ।

ਜੰਮੂ ਕਸ਼ਮੀਰ ਵਿੱਚ ਆਈ ਕੁਦਰਤੀ ਆਫਤ ਬਾਅਦ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਹਵਾਈ ਸਰਵੇਖਣ ਕਰਨ ਤੀਕ ਮੋਹਰੀ ਰਹੇ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਚੀਫ ਖਾਲਸਾ ਦੀਵਾਨ ,ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਪ੍ਰਬੰਧਕੀ ਕਮੇਟੀ ਸਮੇਤ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਰਸਦ ,ਪੀਣ ਵਾਲਾ ਪਾਣੀ ,ਬਸਤਰ ,ਦਵਾਈਆਂ ਤੇ ਸਿਹਤ ਸਹੂਲਤਾਂ ਦੇ ਨਾਲ ਨਾਲ ਮਾਇਕ ਮਦਦ ਵੀ ਮੁਹਈਆ ਕਰਵਾਈ।
ਉਪਰੋਕਤ ਸੰਸਥਾਵਾਂ ਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਪੀੜਤ ਲੋਕਾਂ ਦੇ ਮਨਾਂ ਵਿੱਚ ਘਰ ਕਰ ਜਾਣ ਦਾ ਕੰਮ ਕਰਨ ਵਿੱਚ ਯੂਕੇ ਅਧਾਰਿਤ ਸਿੱਖ ਸਮਾਜ ਸੇਵੀ ਸੰਸਥਾ ‘ਖਾਲਸਾ ਏਡ’ਅਸਟਰੇਲੀਆ ਤੋਂ ਸਿੱਖ ਸੰਸਥਾ ‘ਆਸਟਰੇਲੀਅਨ ਸਿੱਖ ਸਪੋਰਟ’ਅਤੇ ‘ਵਾਹਿਗੁਰੂ ਅਡਵੈਂਚਰ’ਦੇ ਜਾਂਬਾਜ ਨੌਜੁਆਨ ਪੂਰੀ ਤਰ੍ਹਾਂ ਸਫਲ ਰਹੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਸਿੱਖ ਸੰਸਥਾਵਾਂ ਪਾਸ ਜਿਥੇ ਅਪਾਰ ਮਾਇਕ ਤੇ ਮਨੁਖੀ ਸਾਧਨ ਸਨ ਉਥੇ ਇਨ੍ਹਾਂ ਵਿਦੇਸ਼ੀ ਸੰਸਥਾਵਾਂ ਦੇ ਭਾਰਤੀ ਮੂਲ ਵਾਲੇ ਸਾਬਤ ਸੂਰਤ ਸਿੱਖ ਨੌਜੁਆਨਾਂ ਕੋਲ ਮਨੁਖਤਾ ਦੀ ਬੇਹਤਰੀ ਲਈ ਕੁਝ ਵੀ ਕਰ ਗੁਜਰਣ ਦਾ ਅਥਾਹ ਜਜਬਾ ਸੀ ।
ਗਿਣਤੀ ਵਿੱਚ ਵੀ ਥੋੜੇ ਲੇਕਿਨ ਖੁਦ ਹੀ ਕੋਈ ਕਾਰ,ਟਰੱਕ ਤੋਂ ਲੈਕੇ ਔਖੇ ਰਸਤਿਆਂ ਤੇ ਬੇੜੀ ਚਲਾਉਣ ਦੀ ਮੁਹਾਰਤ ਰੱਖਣ ਵਾਲੇ ਇਹ ਨੌਜੁਆਨ ,ਹੜ੍ਹਾਂ ਦੇ ਪਾਣੀਆਂ ਵਿੱਚ ਘਿਰੇ ਉਨ੍ਹਾਂ ਕਸ਼ਮੀਰੀ ਲੋਕਾਂ ਤੀਕ ਵੀ ਜਾ ਪੁਜੇ ਜਿਥੇ ਕੇਵਲ ਭਾਰਤੀ ਫੌਜ ਅਤੇ ਸੀਮਾ ਸੁਰੱਖਿਆ ਬੱਲ ਦੇ ਜਵਾਨ ਹੀ ਪੁਜਣ ਦੀ ਜ਼ੁਰਅਤ ਕਰ ਸਕਦੇ ਸਨ ।
ਵਿਸ਼ਵ ਭਰ ਦੇ ਲੋਕਾਂ ਦਾ ਦੁਖ ਹਰਨ ਲਈ ਹਮੇਸ਼ਾਂ ਤਤਪਰ ਰਹਿਣ ਵਾਲੀਆਂ ਇਹ ਵਿਦੇਸ਼ੀ ਮੂਲ ਦੀਆਂ ਸਿੱਖ ਸੰਸਥਾਵਾਂ ,ਬੀਤੇ ਸਮੇਂ ਦੌਰਾਨ ਵੱਖ ਵੱਖ ਦੇਸ਼ਾਂ ਵਿੱਚ ਆਈਆਂ ਕੁਦਰਤੀ ਆਫਤਾਂ ਦੇ ਪੀੜਤਾਂ ਦੀ ਸਾਰ ਲੈਣ ਵਿੱਚ ਸਫਲ ਰਹੀਆਂ ਹਨ ,ਭਾਰਤ ਵਿੱਚ ਉਨ੍ਹਾਂ ਲਈ ਇਹ ਪਹਿਲਾ ਮੌਕਾ ਹੈ ਜਿਥੇ ਕਸ਼ਮੀਰੀ ਲੋਕਾਂ ਦਾ ਸਹਾਰਾ ਬਣਦਿਆਂ ,ਵੱਖ ਵੱਖ ਸਿੱਖ ਸੰਸਥਾਵਾਂ ਵਾਂਗ ਯਤਨਸੀਲ ਹੋਕੇ ਸਿੱਖ ਕੌਮ ਦਾ ਸਿਰ ਫਖਰ ਨਾਲ ਉੱਚਾ ਕਰਨ ਦੇ ਨਾਲ ਨਾਲ ਸਪਸ਼ਟ ਸੰਕੇਤ ਦਿੱਤਾ ਹੈ ਕਿ ਸਿੱਖ ਅੱਜ ਵੀ ਸਰਬੱਤ ਦੇ ਭਲੇ ਦੇ ਮੁੱਦਈ ਹਨ ।