ਇੰਫਾਲ (1 ਮਾਰਚ, 2016): ਮਨੀਪੁਰ ਦੀ ਬਹਾਦਰ ਲੜਕੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੇ ਸੂਬੇ ਵਿੱਚ ਲਾਗੂ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਹਟਾਉਣ ਦੀ ਮੰਗ ਨੂੰ ਲੈ ਕੇ ਇੱਥੇ ਇਤਿਹਾਸਕ ਸ਼ਹੀਦ ਮੀਨਾਰ ਕੋਲ ਅਣਮਿੱਥੇ ਸਮੇਂ ਲਈ ਭੁੱਖ ਹਡ਼ਤਾਲ ਮੁਡ਼ ਸ਼ੁਰੂ ਕਰ ਦਿੱਤੀ ਹੈ। ਸ਼ਰਮੀਲਾ ਨੇ ਇਸ ‘ਅਫਸਪਾ’ ਨੂੰ ਸਖ਼ਤ ਕਾਨੂੰਨ ਦੱਸਦੇ ਹੋਏ ਇਸ ਨੂੰ ਹਟਾੳੁਣ ਲਈ 2002 ਤੋਂ ਅੰਦੋਲਨ ਸ਼ੁਰੂ ਕੀਤਾ ਸੀ।

ਮਨੀਪੁਰ ਦੀ ਆਇਰਨ ਲੇਡੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਚਾਨੂ ਸ਼ਰਮੀਲਾ ਨੂੰ ਇੱਥੋਂ ਦੀ ਇੱਕ ਅਦਾਲਤ ਦੇ ਹੁਕਮ ‘ਤੇ ਕੱਲ ਹੀ ਰਿਹਾਅ ਕੀਤਾ ਸੀ।
ਸ਼ਰਮੀਲਾ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਪਿਛਲੇ ਕਈ ਸਾਲਾਂ ਤੋਂ ਪੁਲਿਸ ਹਿਰਾਸਤ ‘ਚ ਹੈ। ਸ਼ਰਮੀਲਾ ਨੂੰ ਹਰ ਸਾਲ ਰਿਹਾਅ ਕਰ ਦਿਤਾ ਜਾਂਦਾ ਹੈ ਅਤੇ ਫਿਰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਕਿਉਂਕਿ ਕਾਨੂੰਨ ਸਿਰਫ਼ 364 ਦਿਨਾਂ ਲਈ ਹਿਰਾਸਤ ‘ਚ ਲੈਣ ਦੀ ਇਜਾਜ਼ਤ ਦਿੰਦਾ ਹੈ।