ਸ਼ੇਰਪੁਰ ( 21 ਅਗਸਤ,2015): ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਮਿਸ਼ਨ 2017 ਵਿਧਾਨ ਸਭਾ ਚੋਣਾ ਦੀ ਸਫ਼ਲਤਾ ਲਈ ਪੂਰੀ ਸ਼ਕਤੀ ਝੋਕੀ ਜਾ ਰਹੀ ਹੈ ਅਤੇ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਵੇਖਦਿਆਂ ਯਕੀਨਨ ਅਗਾਮੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਚੋਣਾਂ ਦਾ ਰਿਕਾਰਡ ਤੋੜੇਗੀ।

ਸੰਸਦ ਮੈਂਬਰ ਮਾਨ ਨੇ ੲਿਹ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰਪੁਰ ਦੀ ਖੰਡਰ ਹੋ ਚੁੱਕੀ ਇਮਾਰਤ ਨੂੰ ਆਪਣੇ ਕੋਟੇ ’ਚੋਂ 20 ਲੱਖ ਰੁਪੲੇ ਦੀ ਰਾਸ਼ੀ ਦੇ ਕੇ ਤਿਆਰ ਕਰਵਾਏ ਪੰਜ ਕਮਰਿਆਂ ਦੇ ਇੱਕ ਬਲਾਕ ਦਾ ਨੀਂਹ ਪੱਥਰ ਰੱਖਣ ਦੀ ਰਸਮ ਸਕੂਲ ਦੀਆਂ ਵਿਦਿਅਕ ਪੱਖੋਂ ਟੌਪਰ ਵਿਦਿਆਰਥਣਾਂ ਸਰਬਜੀਤ ਕੌਰ ਤੇ ਜਸਪ੍ਰੀਤ ਕੌਰ ਤੋਂ ਕਰਵਾਉਣ ਮਗਰੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਅਾਂ ਕੀਤਾ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਪੱਥਰ ਲਾਉਣ ਦੀ ਰਾਜਨੀਤੀ ਦੇ ਉਲਟ ਹਨ ਪਰ ਐਮ.ਪੀ. ਫੰਡ ਦੇਣ ਮੌਕੇ ਨਾਂ ਦਾ ਪੱਥਰ ਲਾਉਣ ਦੀ ਸਰਕਾਰੀ ਲੋੜ ਦੀ ਪੂਰਤੀ ਕਾਰਨ ਮਜਬੂਰੀਵੱਸ ਉਨ੍ਹਾਂ ਨੂੰ ਆਪਣਾ ਨਾਂ ਛਪਵਾਉਣਾ ਪਿਆ ਹੈ। ਇਸ ਉਦਘਾਟਨੀ ਪੱਥਰ ਦੀ ਵਿਲੱਖਣਤਾ ਇਹ ਹੈ ਕਿ ੲਿਸ ’ਤੇ ਇਮਾਰਤ ਦੀ ਉਸਾਰੀ ਕਰਨ ਵਾਲੇ ਰਾਜ ਮਿਸਤਰੀ, ਇਲੈਕਟਰੀਸ਼ਨ, ਗੇਟ ਗਰਿੱਲ ਮਿਸਤਰੀ, ਪਲੰਬਰ, ਪੇਂਟਰ, ਪੱਥਰ ਵਾਲਾ ਮਿਸਤਰੀ, ਉਸਾਰੀ ਵਾਲੇ ਮਜ਼ਦੂਰਾਂ ਦੇ ਨਾਂ ਉਕਰੇ ਗਏ ਹਨ।
ਸੰਸਦ ਮੈਂਬਰ ਭਗਵੰਤ ਮਾਨ ਨੇ ਵੱਡੇ ਬਾਦਲ ਦੀ ਤੁਲਣਾ 90 ਸਾਲ ਪੁਰਾਣੇ ਡੀਜ਼ਲ ਇੰਜਣ ਨਾਲ ਕਰਦਿਆਂ ਕਿਹਾ ਕਿ ਪੰਜਾਬ ਦੀ ਸਿਆਸੀ, ਸਮਾਜਿਕ ਤੇ ਆਰਥਿਕ ਗੱਡੀ ਲੀਹ ’ਤੇ ਲਿਆਉਣ ਲਈ ਇਸਦਾ ਕਈ ਦਹਾਕੇ ਪੁਰਾਣਾ ਮਾਡਲ ਇੰਜਣ ਹੁਣ ਬਦਲ ਦੇਣਾ ਚਾਹੀਦਾ ਹੈ। ਉਨ੍ਹਾਂ ਉਪ-ਮੁੱਖ ਮੰਤਰੀ ਨੂੰ ਸਿਰੇ ਦਾ ਗਪੌੜੀ ਦੱਸਿਆ। ਉਨ੍ਹਾਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਬਾਰੇ ਕਿਹਾ ਕਿ ਉਨ੍ਹਾਂ ਨੂੰ ਵੀ ਬਰਾਬਰ ਦੀਆਂ ਗ੍ਰਾਂਟਾਂ ਮਿਲਦੀਆਂ ਹਨ ਪਰ ੳੁਹ ਲੋਕਾਂ ਦਾ ਪੈਸਾ ਲੋਕਾਂ ਵਿੱਚ ਵੰਡਣ ਲੲੀ ਸਮਾਂ ਨਹੀਂ ਕੱਢ ਸਕਦੇ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ 2 ਸਤੰਬਰ ਤੋਂ ‘ਪੰਜਾਬ ਜੋੜੋ’ ਮੁਹਿੰਮ ਤਹਿਤ ਦਿੜ੍ਹਬਾ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਰੈਲੀਆਂ ਬਾਰੇ ਦੱਸਦਿਅਾਂ ਕਿਹਾ ਕਿ ਇਸ ਲੜੀ ਤਹਿਤ ਪੰਜਾਬ ਵਿੱਚ ਇੱਕ ਮਹੀਨੇ ਅੰਦਰ 40 ਰੈਲੀਆਂ ਕੀਤੀਆਂ ਜਾਣੀਆਂ ਹਨ।